ਠੱਠੀ ਭਾਈ, 1 ਸਤੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਅਤੇ ਪਿੰਡ ਮਾੜੀ ਮੁਸਤਫ਼ਾ ਦੇ ਸਰਪੰਚ ਵਲੋਂ ਪਿਛਲੇ ਦਿਨੀਂ ਆਪਣੀ ਪਾਰਟੀ ਦੇ ਇਕ ਸਮਾਗਮ ਦੌਰਾਨ ਪਿੰਡ ਮਾੜੀ ਮੁਸਤਫ਼ਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਾਤਮੇ ਸਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਹਲਕੇ ਦੀ ਸਿਆਸਤ ਵਿਚ ਚਰਚਾ ਗਰਮ ਹੋ ਗਈ ਹੈ | ਸਰਪੰਚ ਦੇ ਉਸ ਬਿਆਨ ਦੀ ਕੜੀ ਨਿੰਦਾ ਕਰਦਿਆਂ ਅਕਾਲੀ ਦਲ ਨੇ ਇਸ ਨੂੰ ਬਿਲਕੁਲ ਹੀ ਹਾਸੋਹੀਣਾ ਤੇ ਗੈਰ ਜਿੰਮੇਵਾਰਾਨਾ ਕਰਾਰ ਦਿੱਤਾ ਹੈ | ਇਸ ਸਬੰਧੀ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਤੇ ਵਰਕਰਾਂ ਨੇ ਪਿੰਡ ਮਾੜੀ ਮੁਸਤਫ਼ਾ ਦੇ ਮਰਹੂਮ ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ ਦੇ ਸਪੁੱਤਰਾਂ ਭਾਈ ਰਣਜੀਤ ਸਿੰਘ ਖ਼ਾਲਸਾ ਅਤੇ ਪ੍ਰਗਟ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਇਕੱਤਰ ਹੋ ਕੇ ਹੰਗਾਮੀ ਮੀਟਿੰਗ ਕੀਤੀ | ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਸਰਪੰਚ ਸਾਰੇ ਪਿੰਡ ਦਾ ਸਾਂਝਾ ਹੁੰਦਾ ਹੈ ਅਤੇ ਉਸ ਦਾ ਫ਼ਰਜ਼ ਹੈ ਕਿ ਨਗਰ ਦੀ ਏਕਤਾ ਅਤੇ ਭਲਾਈ ਲਈ ਕੰਮ ਕਰੇ, ਨਾ ਕਿ ਬੇਤੁਕੇ ਬਿਆਨਾਂ ਨਾਲ ਵਿਵਾਦ ਪੈਦਾ ਕਰੇ | ਅਕਾਲੀ ਆਗੂਆਂ ਨੇ ਸਾਫ਼ ਕਿਹਾ ਕਿ ਪਿੰਡ ਮਾੜੀ ਮੁਸਤਫ਼ਾ ਵਿਚ ਅਕਾਲੀ ਦਲ ਦਾ ਝੰਡਾ ਹਮੇਸ਼ਾ ਬੁਲੰਦ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਹ ਹੋਰ ਮਜ਼ਬੂਤੀ ਨਾਲ ਲਹਿਰਾਏਗਾ | ਅਕਾਲੀ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੀ ਪਾਰਟੀ ਗ੍ਰਾਮੀਣ ਖੇਤਰਾਂ ਦੀਆਂ ਨੀਂਹੀ ਲੋੜਾਂ ਨੂੰ ਪੂਰਾ ਕਰਦੀ ਆਈ ਹੈ, ਉਸ ਦੇ ਖ਼ਾਤਮੇ ਦੀ ਗੱਲ ਕਰਨਾ ਨਾ ਸਿਰਫ਼ ਗਲਤ ਹੈ, ਬਲਕਿ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਵੀ ਅਪਮਾਨ ਹੈ | ਆਗੂਆਂ ਨੇ ਕਿਹਾ ਕਿ ਅਜਿਹੇ ਬਿਆਨ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹਨ ਪਰ ਪਿੰਡ ਵਾਸੀ ਕਦੇ ਵੀ ਆਪਣੇ ਸੱਚੇ ਪੰਥਕ ਤੇ ਵਿਕਾਸਕਾਰੀ ਦਲ ਨਾਲ ਵਿਸ਼ਵਾਸਘਾਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਜੜਾਂ ਪਿੰਡ ਮਾੜੀ ਮੁਸਤਫ਼ਾ ਵਿਚ ਬੋਹੜ ਦੀ ਤਰ੍ਹਾਂ ਬਹੁਤ ਹੀ ਮਜ਼ਬੂਤ ਹਨ, ਜਿਨ੍ਹਾਂ ਨੂੰ ਕੋਈ ਵੀ ਬਿਆਨ ਹਿਲਾ ਨਹੀਂ ਸਕਦਾ |