ਠੱਠੀ ਭਾਈ, 1 ਸਤੰਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀਆਂ ਲੰਮੀਆਂ ਸੇਵਾਵਾਂ ਨੂੰ ਹਮੇਸ਼ਾ ਵੱਡੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਜੋ ਆਗੂ ਸੱਚੇ ਦਿਲ ਨਾਲ ਪਾਰਟੀ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਸਦਾ ਹੀ ਯੋਗ ਸਨਮਾਨ ਮਿਲਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸੀਨੀਅਰ ਅਕਾਲੀ ਆਗੂ ਨੰਬਰਦਾਰ ਕੁਲਜੀਤ ਸਿੰਘ ਚੀਦਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਬਣਾਏ ਜਾਣ 'ਤੇ ਪਾਰਟੀ ਲਈ ਮਾਣ ਵਾਲੀ ਗੱਲ ਕਰਾਰ ਦਿੰਦਿਆਂ ਪਿੰਡ ਚੀਦਾ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕਰਨ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਨਾ ਸਿਰਫ਼ ਹਲਕਾ ਬਾਘਾ ਪੁਰਾਣਾ ਦੇ ਕਾਰਕੁਨਾਂ ਦੇ ਹੌਸਲੇ ਬੁਲੰਦ ਹੋਏ ਹਨ, ਸਗੋਂ ਅਕਾਲੀ ਦਲ ਦੇ ਹਰ ਇਕ ਸਿਪਾਹੀ ਨੂੰ ਹੋਰ ਤਰ੍ਹਾਂ ਜੁਟਣ ਦੀ ਪ੍ਰੇਰਨਾ ਮਿਲੀ ਹੈ | ਜਥੇਦਾਰ ਮਾਹਲਾ ਅਤੇ ਚੀਦਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਲੋਕਾਂ ਦੀ ਅਸਲ ਨੁਮਾਇੰਦਗੀ ਕਰਨ ਵਾਲੀ ਤਾਕਤ ਹੈ ਜਿਸ ਦਾ ਹਰ ਇਕ ਫ਼ੈਸਲਾ ਜਨਤਕ ਭਲਾਈ ਅਤੇ ਸਿੱਖ ਸਿਧਾਂਤਾਂ ਅਨੁਸਾਰ ਹੀ ਹੁੰਦਾ ਹੈ | ਇਸ ਮੌਕੇ ਸਰਕਲ ਠੱਠੀ ਭਾਈ ਦੇ ਪ੍ਰਧਾਨ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਸਮੇਂ ਕੋਰ ਕਮੇਟੀ ਮੈਂਬਰ ਯੂਥ ਆਗੂ ਸੁਖਜੀਤ ਸਿੰਘ ਮਾਹਲਾ, ਬੋਹੜ ਸਿੰਘ ਚੀਮਾ ਠੱਠੀ ਭਾਈ, ਜਥੇਦਾਰ ਆਤਮਾ ਸਿੰਘ ਚੀਦਾ, ਗੁਰਚਰਨ ਸਿੰਘ ਠੱਠੀ ਭਾਈ ਵੀ ਹਾਜ਼ਰ ਸਨ |