ਫਤਿਹਗੜ੍ਹ ਪੰਜਤੂਰ, 2 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਨਵੇਂ ਬਣੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਸਿਹਤ ਸੇਵਾਵਾਂ ਅਤੇ ਅਕਾਲੀ ਵਰਕਰਾਂ ਦੇ ਨਾਲ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਦਰਿਆ ਸਤਲੁਜ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਅਤੇ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆਂ | ਇਸ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਪਿੰਡ ਸੰਘੇੜਾ ਵਿਖੇ ਜ਼ਰੂਰੀ ਵਸਤਾਂ ਜਿਨ੍ਹਾਂ ਵਿਚ ਪਸ਼ੂਆਂ ਲਈ ਚਾਰਾ, ਪੀਣ ਲਈ ਪਾਣੀ, ਤਰਪਾਲਾਂ ਸਮੇਤ ਖਾਣ ਪੀਣ ਦੇ ਰਾਸ਼ਨ ਦੀ ਵੰਡ ਕਰਨ ਉਪਰੰਤ ਹਲਕੇ ਦੇ ਸੀਨੀਅਰ ਅਕਾਲੀ ਆਗੂ ਗੁਰਨਾਮ ਸਿੰਘ ਵਿਰਕ ਲਲਿਹਾਂਦੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ ਦੇ ਗ੍ਰਹਿ ਪਹਿਲੀ ਵਾਰ ਪਹੁੰਚੇ | ਜਿੱਥੇ ਗੁਰਨਾਮ ਸਿੰਘ ਵਿਰਕ, ਮਨਜੀਤ ਸਿੰਘ ਵਿਰਕ ਅਤੇ ਸਾਥੀਆਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਰਜਿੰਦਰ ਸਿੰਘ ਮੱਖਣ ਬਰਾੜ ਦਾ ਸਵਾਗਤ ਕਰਦੇ ਹੋਏ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਨਵੇਂ ਬਣੇ ਅਕਾਲੀ ਦਲ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਪੰਥਕ ਵਿਚਾਰਾਂ ਕੀਤੀਆਂ ਗਈਆਂ | ਵਿਧਾਇਕ ਇਯਾਲੀ ਤੇ ਬਰਜਿੰਦਰ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਅਣਦੇਖੀ ਸਦਕਾ ਅੱਜ ਪੰਜਾਬ ਨੂੰ ਹੜ੍ਹਾਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣ | ਇਸ ਮੌਕੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ, ਮਨਜੀਤ ਸਿੰਘ ਵਿਰਕ, ਸਾਬਕਾ ਸਰਪੰਚ ਮਹਿੰਦਰ ਸਿੰਘ ਫਤਿਹਗੜ੍ਹ ਪੰਜਤੂਰ, ਗੁਰਜੰਟ ਸਿੰਘ ਚਾਹਲ ਧਰਮਕੋਟ, ਝੰਡਾ ਸਿੰਘ, ਆੜ੍ਹਤੀਆ ਗੁਰਦੇਵ ਸਿੰਘ, ਇਕਬਾਲਦੀਪ ਹੈਰੀ, ਦਲਜੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ |