ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਅੱਵਲ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ | ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਹੁਨਰਮੰਦ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਨਸ਼ਾ ਛੱਡ ਕੇ ਆਪਣੀ ਆਤਮ ਨਿਰਭਰਤਾ ਵਾਲੀ ਜ਼ਿੰਦਗੀ ਜਿਉਣ | ਇਸ ਦੀ ਲਗਾਤਾਰਤਾ ਵਿਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਨਸ਼ਾ ਛੁਡਾਊ ਕੇਂਦਰ ਜਨੇਰ ਮੋਗਾ ਵਿਚ ਨਸ਼ਾ ਛੱਡ ਚੁੱਕੇ 56 ਨੌਜਵਾਨਾਂ ਨੂੰ ਅਸਿਸਟੈਂਟ ਇਲੈਕਟ੍ਰੀਸ਼ੀਅਨ ਦੀ ਟਰੇਨਿੰਗ ਮੁਫ਼ਤ ਮੁਹੱਈਆ ਕਰਵਾਈ ਗਈ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਇਸ ਕਿੱਤਾਮੁਖੀ ਸਿਖਲਾਈ ਕੋਰਸ ਨੂੰ ਸਫਲਤਾ ਪੂਰਵਕ ਕਰਨ ਵਾਲੇ ਨੌਜਵਾਨਾਂ ਨੂੰ ਇਲੈਕਟ੍ਰੀਕਲ ਕਿੱਟਾਂ ਦੀ ਵੰਡ ਕੀਤੀ | ਉਨ੍ਹਾਂ ਕਿਹਾ ਕਿ ਇਹ ਕਿੱਟਾਂ ਨੌਜਵਾਨਾਂ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਸਹਾਈ ਹੋਣਗੀਆਂ | ਡਿਪਟੀ ਕਮਿਸ਼ਨਰ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਕਿੱਟਾਂ ਵੰਡਣ ਮੌਕੇ ਕਿਹਾ ਕਿ ਹੁਣ ਉਹ ਆਪਣੇ ਕਿੱਤੇ ਵਿਚ ਮਨ ਲਗਾ ਕੇ ਮਿਹਨਤ ਕਰਨ ਅਤੇ ਮੁੜ ਤੋਂ ਨਸ਼ਿਆਂ ਦੀ ਦਲਦਲ ਵਿਚ ਨਾ ਫਸਣ | ਇਨ੍ਹਾਂ ਵਿਸ਼ੇਸ਼ ਕਾਰਜਾਂ ਵਿਚ ਡੀ.ਪੀ..ਯੂ. ਮੋਗਾ ਤੇ ਸੈਪਿਗ ਕੈਰੀਅਰ ਐਜੂਕੇਸ਼ਨ ਸੋਸਾਇਟੀ ਦਾ ਵੀ ਯੋਗਦਾਨ ਰਿਹਾ |