ਕੋਟ ਈਸੇ ਖਾਂ, 4 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਸੀਨੀ: ਮੀਤ ਪ੍ਰਧਾਨ ਬਚਨ ਸਿੰਘ ਭੁੱਲਰ, ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨ ਵਾਲਾ, ਦਿਲਬਾਗ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫ਼ਿਰੋਜਪੁਰ, ਮਲੂਕ ਸਿੰਘ ਮਸਤੇਵਾਲਾ ਐਗਜ਼ੈਕਟਿਵ ਮੈਂਬਰ ਪੰਜਾਬ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਭਾਰੀ ਬਾਰਿਸ਼ ਤੇ ਡੈਮਾਂ ਤੋਂ ਲੱਖਾਂ ਕਿਊਸਿਕ ਪਾਣੀ ਛੱਡਣ ਨਾਲ ਪੰਜਾਬ ਦੇ ਤਕਰੀਬਨ 1300 ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ | ਜਿਸ ਲੋਕਾਂ ਦੇ ਘਰ, ਝੋਨੇ ਦੀਆਂ ਫ਼ਸਲਾਂ, ਪਸ਼ੂਆਂ ਦਾ ਹਰਾ ਚਾਰਾ, ਸਬਜ਼ੀਆਂ ਆਦਿ ਪਾਣੀ ਵਿਚ ਵਹਿ ਗਏ, ਉਨ੍ਹਾਂ ਕਿਹਾ ਕਿ ਸਾਡੇ ਪੜਦਾਦਿਆਂ ਨੂੰ 47, ਦਾਦਿਆਂ ਨੂੰ 88, ਪਿਉ ਨੂੰ 84 ਤੇ ਸਾਨੂੰ 2025 ਮਾਰ ਗਿਆ | ਉਨ੍ਹਾਂ ਕਿਹਾ ਕਿ ਵੱਖ-ਵੱਖ ਡੈਮਾਂ ਤੋਂ ਪਾਣੀ ਜਾਣ ਬੁੱਝ ਕੇ ਛੱਡਿਆ ਗਿਆ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਪੰਜਾਬ ਤੇ ਪੰਜਾਬੀਅਤ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਦੌਰਾਨ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਆਗੂਆਂ ਕਿਹਾ ਕਿ ਸਮੁੱਚੇ ਪੰਜਾਬ ਵਿਚ ਹੜ ਪੀੜਤਾਂ ਨੂੰ ਕੇਂਦਰ ਤੇ ਸਟੇਟ ਸਰਕਾਰ ਵਿਸ਼ੇਸ਼ ਪੈਕੇਜ ਦਾ ਤੁਰੰਤ ਐਲਾਨ ਕਰੇ ਤੇ ਸਪੈਸ਼ਲ ਗਿਰਦਾਵਰੀ ਕਰਕੇ ਮੁਆਵਜ਼ੇ ਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾਣ | ਇਸ ਮੌਕੇ ਕੁਲਜਿੰਦਰ ਸਿੰਘ ਸਿੱਧੂ ਸਹਾਇਕ ਸਕੱਤਰ ਤੇ ਹੋਰ ਸਾਥੀ ਹਾਜ਼ਰ ਸਨ |