ਕੋਟਕਪੂਰਾ, 4 ਸਤੰਬਰ (ਮੇਘਰਾਜ)-ਕੋਟਕਪੂਰਾ ਦੇ ਜੰਮਪਲ ਅਤੇ ਫ਼ਿਲਮੀ ਅਦਾਕਾਰ ਪਿ੍ੰਸ ਕੰਵਲਜੀਤ ਸਿੰਘ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਕਾਲੂ ਵਾਲਾ, ਕਿਲਚੇ ਵਾਲਾ, ਨਹਾਲੇ ਵਾਲਾ ਅਤੇ ਹਬੀਬ ਕੇ ਵਿਖੇ ਪਹੁੰਚ ਕੇ ਲੋਕਾਂ ਦਾ ਹਾਲ ਪੁੱਛਿਆ | ਉਨ੍ਹਾਂ ਨਾਲ ਫ਼ਰੀਦਕੋਟ ਦੇ ਸਮਾਜਸੇਵੀ ਅਰਸ਼ ਸੱਚਰ ਵੀ ਸ਼ਾਮਿਲ ਸਨ | ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਅਚਾਰ (ਚਾਰਾ), ਤਿਰਪਾਲ, ਰੱਸੀਆਂ, ਬਲੀਚਿੰਗ ਪਾਊਡਰ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ | ਪਿ੍ੰਸ ਕੰਵਲਜੀਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੀ ਇਹ ਕੁਦਰਤੀ ਆਫ਼ਤ ਸਾਡੇ ਭਾਈਚਾਰੇ ਦੀ ਕਸੌਟੀ ਹੈ | ਇਸ ਸਮੇਂ 'ਚ ਸਾਰਿਆਂ ਦਾ ਫ਼ਰਜ਼ ਹੈ ਕਿ ਨਾ ਸਿਰਫ਼ ਪ੍ਰਭਾਵਿਤ ਲੋਕਾਂ ਨੂੰ ਲੋੜੀਂਦਾ ਸਮਾਨ ਪਹੰੁਚਾਈਏ ਸਗੋਂ ਉਨ੍ਹਾਂ ਦੇ ਦਿਲਾਂ 'ਚ ਇਹ ਯਕੀਨ ਪੈਦਾ ਕਰੀਏ ਕਿ ਉਹ ਇਕੱਲੇ ਨਹੀਂ ਹਨ | ਉਨ੍ਹਾਂ ਕਿਹਾ ਕਿ ਕਲਾ-ਜਗਤ ਹੋਵੇ ਜਾਂ ਸਿਆਸੀ ਜਗਤ, ਸਾਰਿਆਂ ਦਾ ਫ਼ਰਜ਼ ਹੈ ਕਿ ਪੀੜਤ ਲੋਕਾਂ ਦੀ ਮਦਦ ਲਈ ਇੱਕਜੁੱਟ ਹੋਈਏ | ਉਨ੍ਹਾਂ ਭਵਿੱਖ 'ਚ ਹੜ੍ਹ ਪੀੜ੍ਹਤਾਂ ਨੂੰ ਹੋਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਅੰਤ 'ਚ ਦੋਵਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਲਦੀ ਹਾਲਾਤ ਠੀਕ ਹੋਣ, ਪਾਣੀਆਂ ਦਾ ਕਹਿਰ ਰੁਕੇ ਅਤੇ ਹਰ ਪ੍ਰਭਾਵਿਤ ਪਰਿਵਾਰ ਆਪਣੇ ਘਰ-ਆਂਗਣ 'ਚ ਮੁੜ ਸੁਖ-ਚੈਨ ਨਾਲ ਜਿਉਂ ਸਕਣ |