ਫ਼ਤਿਹਗੜ੍ਹ ਪੰਜਤੂਰ, 4 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ, ਲੋਕਾਂ ਦੇ ਘਰ ਡੁੱਬ ਗਏ ਅਤੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਿਆ ਹੈ | ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ-ਆਪਣੇ ਪਿੰਡਾਂ ਵਿਚੋਂ ਲੋੜੀਂਦੀ ਸਮੱਗਰੀ ਇਕੱਠੀ ਕਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪੰਜਾਬੀਆਂ ਵਲੋਂ ਪਹੁੰਚਾਈ ਜਾ ਰਹੀ ਹੈ | ਇਹ ਪ੍ਰਗਟਾਵਾ ਸਤਲੁਜ ਬੰਨ੍ਹ ਸੇਵਾ ਕਮੇਟੀ ਜ਼ਿਲ੍ਹਾ ਮੋਗਾ ਦੇ ਮੈਂਬਰ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਾਹਨੇਵਾਲਾ ਨੇ ਸਾਥੀਆਂ ਸਹਿਤ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਉੱਪਰ ਸਤਲੁਜ ਬੰਨ੍ਹ ਸੇਵਾ ਕਮੇਟੀ ਵਲੋਂ ਕੀਤੀ ਜਾ ਰਹੀ ਸੇਵਾ ਸਬੰਧੀ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਕਿ ਧੁੱਸੀ ਬੰਨ੍ਹ ਪਿੰਡ ਭੈਣੀ ਅਤੇ ਸ਼ੇਰੇਵਾਲਾ ਕੋਲ ਬੰਨ੍ਹ ਮਜ਼ਬੂਤ ਕਰਨ ਦੀ ਲੋੜ ਹੈ | ਉਸ ਜਗ੍ਹਾ 'ਤੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਹੁੰਚੋ | ਉਨ੍ਹਾਂ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਪਹਿਲਾਂ ਤੋਂ ਹੀ ਆਪਣਿਆਂ ਦੀ ਬਾਂਹ ਫੜਦੇ ਆਏ ਹਨ ਤੇ ਅੱਜ ਵੀ ਫੜ੍ਹ ਰਹੇ ਹਨ | ਇਸ ਮੌਕੇ ਰਣਬੀਰ ਸਿੰਘ ਰਾਣਾ ਦਸਮੇਸ਼ ਟੈਂਟ ਹਾਊਸ, ਮਨਜੀਤ ਸਿੰਘ ਗੋਲੂ ਵਾਲਾ, ਜਸਵੰਤ ਸਿੰਘ ਅਕਾਲੀਆਂ ਵਾਲਾ, ਪਰਮਜੀਤ ਸਿੰਘ ਪੰਮਾ, ਗੋਪਾਲ ਸਿੰਘ ਲਲਿਹਾਂਦੀ, ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |