ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਰੱਬ ਇਕ ਵਿਅਕਤੀ ਨੂੰ ਜਨਮ ਦਿੰਦਾ ਹੈ ਅਤੇ ਡਾਕਟਰ ਉਸ ਵਿਅਕਤੀ ਦਾ ਗੰਭੀਰ ਹਾਲਤ ਵਿਚ ਇਲਾਜ ਕਰ ਕੇ ਉਸ ਨੂੰ ਦੂਜਾ ਜਨਮ ਦੇਣ ਵਿਚ ਯੋਗਦਾਨ ਪਾਉਂਦਾ ਹੈ | ਇਸ ਦੀ ਇਕ ਉਦਾਹਰਨ ਉਦੋਂ ਦੇਖਣ ਨੂੰ ਮਿਲੀ ਜਦੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਦੁੱਖ ਸਾਂਝਾ ਕਰਨ ਲਈ ਪਠਾਨਕੋਟ ਜਾ ਰਹੇ ਸਨ, ਤਾਂ ਰਸਤੇ ਵਿਚ ਸੜਕ 'ਤੇ ਲੋਕਾਂ ਦੀ ਭੀੜ ਸੀ ਅਤੇ ਇਕ ਵਿਅਕਤੀ ਜੋ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਲੋਕ ਮਿ੍ਤਕ ਸਮਝ ਰਹੇ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਭਾਰੀ ਭੀੜ ਇਕੱਠੀ ਹੋ ਗਈ ਸੀ | ਉਸ ਸਮੇਂ ਡਾ. ਸੀਮਾਂਤ ਗਰਗ ਆਪਣੀ ਕਾਰ ਤੋਂ ਉੱਤਰੇ ਅਤੇ ਤੁਰੰਤ ਸੜਕ 'ਤੇ ਹੀ ਉਸ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਕਾਰਡੀਓ ਪਲਮਨਰੀ ਰੀਸਸੀਟੇਸ਼ਨ (ਸੀ.ਪੀ.ਆਰ.) ਦੇਣਾ ਸ਼ੁਰੂ ਕਰ ਦਿੱਤਾ ਅਤੇ ਕਾਫ਼ੀ ਸਮੇਂ ਬਾਅਦ ਜਦੋਂ ਉਸ ਵਿਅਕਤੀ ਦਾ ਸਰੀਰ ਹਿੱਲਣ ਲੱਗਾ ਤਾਂ ਡਾ. ਸੀਮਾਂਤ ਗਰਗ ਨੇ ਐਂਬੂਲੈਂਸ ਦੀ ਮਦਦ ਨਾਲ ਮਰੀਜ਼ ਨੂੰ ਨਜ਼ਦੀਕੀ ਹਸਪਤਾਲ ਲਿਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਸ ਵਿਅਕਤੀ ਦੀ ਜਾਨ ਬਚ ਗਈ | ਡਾ. ਸੀਮਾਂਤ ਗਰਗ ਨੇ ਕਿਹਾ ਕਿ ਇਕ ਡਾਕਟਰ ਹੋਣ ਦੇ ਨਾਤੇ ਮੈਨੂੰ ਇਹ ਕੰਮ ਕਰਨ ਦਾ ਸੁਭਾਗ ਮਿਲਿਆ ਹੈ ਕਿ ਮੈਂ ਕਿਸੇ ਦੀ ਮਦਦ ਕਰ ਸਕਿਆ |