ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਸਰਕਾਰਾਂ ਦੀਆਂ ਨਾਲਾਇਕੀਆਂ ਕਰ ਕੇ ਹੜ੍ਹਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਮੰਗ ਪੱਤਰ ਦਿੱਤਾ ਗਿਆ | ਡੀ.ਸੀ. ਦਫ਼ਤਰ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਮੌਸਮ ਵਿਭਾਗ ਵਲੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰੀ ਬਾਰਸ਼ਾਂ ਹੋਣ ਬਾਰੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਗਈ ਸੀ | ਸਰਕਾਰਾਂ ਨੂੰ ਚਾਹੀਦਾ ਸੀ ਕਿ ਡੈਮਾਂ ਵਿਚੋਂ ਪਹਿਲਾਂ ਹੀ 25-30 ਪ੍ਰਤੀਸ਼ਤ ਪਾਣੀ ਛੱਡ ਕੇ ਘਟਾ ਦਿੱਤਾ ਜਾਂਦਾ ਫਿਰ ਹੜ੍ਹਾਂ ਦੀ ਇਹ ਨੌਬਤ ਆਉਂਦੀ ਹੀ ਨਹੀਂ ਸੀ, ਨਾ ਹੀ ਸਰਕਾਰਾਂ ਵਲੋਂ ਸਮੇਂ ਸਿਰ ਦਰਿਆਵਾਂ, ਡਰੇਨਾਂ, ਧੁੱਸੀ ਬੰਨ੍ਹਾਂ ਤੇ ਫਲੱਡ ਗੇਟ ਵਗ਼ੈਰਾ ਦੀ ਕੀਤੀ ਜਾਣ ਵਾਲੀ ਪਰਖ ਪੜਤਾਲ, ਸਫ਼ਾਈ, ਮੁਰੰਮਤ ਵਗ਼ੈਰਾ ਕੀਤੀ ਗਈ | ਇਨ੍ਹਾਂ ਦੀ ਅਣਗਹਿਲੀ ਕਰ ਕੇ ਮਾਧੋਪੁਰ ਹੈੱਡ ਵਰਕਸ ਦੇ 3 ਗੇਟ ਸਮੇਤ ਬੰਦੇ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਏ ਹਨ | ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ ਤੇ ਹੋਰਨਾਂ ਥਾਵਾਂ 'ਤੇ ਬੱਦਲ ਫਟਣ ਤੇ ਭਾਰੀ ਬਾਰਸ਼ਾਂ ਦੇ ਵਰਤਾਰੇ ਸਦਕਾ ਵੱਡੇ ਪੱਧਰ 'ਤੇ ਜਾਨ, ਮਾਲ, ਫ਼ਸਲਾਂ, ਘਰ ਆਦਿ ਤੇ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ | ਪੰਜਾਬ ਤੇ ਕੇਂਦਰ ਸਰਕਾਰ ਵਲੋਂ ਇਸ ਨੂੰ ਕੌਮੀ ਆਫ਼ਤ ਐਲਾਨ ਕੇ ਵੱਡੀ ਪੱਧਰ 'ਤੇ ਰਾਹਤ ਕਾਰਜਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ | ਆਗੂਆਂ ਨੇ ਇਹ ਵੀ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਸਮੂਹ ਵਰਕਰ ਹੜ੍ਹ ਪੀੜਤਾਂ ਦੀ ਮਦਦ ਲਈ ਜੁੱਟ ਜਾਣ 'ਤੇ ਵੱਧ ਤੋਂ ਵੱਧ ਸਮਗਰੀ ਇਕੱਠੀ ਕਰ ਕੇ ਹੜ੍ਹ ਪੀੜਤਾਂ ਤੱਕ ਭੇਜੀ ਜਾਵੇ | ਹੜ੍ਹਾਂ ਨਾਲ 42 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਹਨ | 3 ਲੱਖ ਏਕੜ ਜ਼ਮੀਨ 'ਚੋਂ ਫ਼ਸਲ ਤਬਾਹ ਹੋਈ ਹੈ, ਸੈਂਕੜੇ ਪਸ਼ੂ ਮਰ ਚੁੱਕੇ ਹਨ, ਹਜ਼ਾਰਾਂ ਘਰ ਢਹਿ ਢੇਰੀ ਹੋ ਗਏ ਹਨ | ਇਸ ਕਰ ਕੇ ਸਰਕਾਰਾਂ ਵਲੋਂ ਸਭ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ | ਧਰਨੇ ਨੂੰ ਅਮਰਜੀਤ ਸਿੰਘ ਸੈਦੋ ਜ਼ਿਲ੍ਹਾ ਪ੍ਰਧਾਨ, ਕੁਲਦੀਪ ਕੌਰ ਕੁੱਸਾ, ਬਲੌਰ ਸਿੰਘ ਘੱਲ ਕਲਾਂ, ਜਗਜੀਤ ਸਿੰਘ ਮਧੇਕੇ, ਜਸਵਿੰਦਰ ਸਿੰਘ ਘੱਲ ਕਲਾਂ, ਇਕਬਾਲ ਸਿੰਘ ਸਿੰਘਾਂਵਾਲਾ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ ਕਿਸ਼ਨਪੁਰਾ, ਬੂਟਾ ਸਿੰਘ ਭਾਗੀਕੇ, ਜਸਵਿੰਦਰ ਸਿੰਘ ਲੰਗੇਆਣਾ, ਗੁਰਦਾਸ ਸਿੰਘ ਸੇਖਾ ਕਲਾਂ, ਲਖਵੀਰ ਸਿੰਘ ਚੜਿੱਕ, ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ, ਸੋਨੀ ਹਿੰਮਤਪੁਰਾ, ਸੁਖਜੀਤ ਸਿੰਘ ਲੰਢੇਕੇ ਨੇ ਸੰਬੋਧਨ ਕੀਤਾ |