ਅਜੀਤਵਾਲ, 22 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਢੁੱਡੀਕੇ ਮੋਗਾ ਦੇ ਐਨ.ਐਸ.ਐਸ. ਵਿਭਾਗ ਵਲੋਂ ਆਈ.ਕਿਉ.ਏ.ਸੀ. ਦੇ ਸਹਿਯੋਗ ਨਾਲ 'ਇਕ ਦਿਨ ਪੜ੍ਹਾਉਣਾ' ਕਾਰਜ ਕਰਮ ਦੇ ਤਹਿਤ ਸਕੂਲਾਂ ਵਿਚ ਆਧੁਨਿਕ ਤਕਨੀਕਾਂ ਨਾਲ ਵਿੱਦਿਆ ਦੇ ਮਿਆਰ ਨੂੰ ਸੁਖਾਲਾ ਤੇ ਵਧੀਆ ਕਰਨ ਦੇ ਉਪਰਾਲੇ ਤਹਿਤ ਪੜ੍ਹਾਉਣਾ ਹੈ | ਇਸ ਗਤੀਵਿਧੀ ਦੇ ਤਹਿਤ ਬੀ.ਐਡ. ਦੇ ਵਿਦਿਆਰਥੀ ਅਧਿਆਪਕਾਂ ਨੇ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਸਹਾਇਕ ਸਮਗਰੀ ਜਿਵੇਂ ਕਿ ਪੀ.ਪੀ.ਟੀ., ਮਾਡਲ, ਫਲੈਸ਼ ਕਾਰਡ ਅਤੇ ਵੱਖ-ਵੱਖ ਪੜ੍ਹਾਉਣ ਦੀਆਂ ਵਿਧੀਆ ਜਿਵੇਂ ਕਿ ਪ੍ਰੋਜੈਕਟਰ ਵਿਧੀ, ਪ੍ਰਯੋਗਾਤਮਿਕ ਵਿਧੀ ਆਦਿ ਵਰਤੋਂ ਨਾਲ ਪੜ੍ਹਾਇਆ | ਜਿਸ ਵਿਚ ਵਿਦਿਆਰਥੀਆਂ ਨੇ ਕਾਫੀ ਉਤਸ਼ਾਹ ਦਿਖਾਇਆ | ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਦੀਆਂ ਜਮਾਤਾਂ ਵਿਚ ਜ਼ਿਆਦਾਤਰ ਅਧਿਆਪਕਾਂ ਦੁਆਰਾ ਭਾਸ਼ਣ ਵਿਧੀ ਤੇ ਪ੍ਰਸ਼ਨ ਉੱਤਰ ਵਿਧੀ ਦੀ ਵਰਤੋਂ ਬਾਰੇ ਵੀ ਵਿਚਾਰ ਸਾਂਝੇ ਕੀਤੇ | ਕਾਲਜ ਪਿ੍ੰਸੀਪਲ ਡਾ. ਮਿਸਿਜ਼ ਉਮੇਸ਼ ਨੇ ਕਿਹਾ ਕਿ ਇਹ ਉਪਰਾਲਾ ਯੂਨੀਵਰਸਿਟੀ ਵਲੋਂ ਨਿਰਧਾਰਿਤ 'ਭਾਈਚਾਰਕ ਸ਼ਮੂਲੀਅਤ ਅਤੇ ਖੇਤਰੀ ਪਹੁੰਚ' ਮੁਹਿੰਮ ਅਧੀਨ ਸੀ ਤੇ ਵਿਦਿਆਰਥੀ ਪੇਂਡੂ ਸਕੂਲਾਂ ਵਿਚ ਬੜੀ ਲਗਨ ਅਤੇ ਉਤਸ਼ਾਹ ਨਾਲ ਪੜ੍ਹਾਉਣ ਗਏ | ਕਾਲਜ ਦੇ ਸੀਨੀਅਰ ਪ੍ਰੋਫੈਸਰ ਡਾ. ਅਜੇ ਕੁਮਾਰ ਨੇ ਕਿਹਾ ਕਿ ਸਾਡੀ ਸੰਸਥਾ ਦਾ ਐਨ.ਐਸ.ਐਸ. ਕੈਂਪ (ਵਿਭਾਗ) ਅਨੇਕਾਂ ਤਰਾਂ ਦੀਆਂ ਸਮਾਜ ਭਲਾਈ ਗਤੀਵਿਧੀਆਂ ਵਿਚ ਹਮੇਸ਼ਾ ਹੀ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ |