ਯਮੁਨਾਨਗਰ, 22 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਇਨ੍ਹਾਂ ਪ੍ਰੀਖਿਆਵਾਂ ਵਿਚ ਪ੍ਰੇਰਨਾ (ਬੀ. ਐਸ. ਸੀ. ਸਪੋਰਟਸ) ਨੇ ਪ੍ਰਤਿਸ਼ਠਾਵਾਨ ਸੋਨ ਤਗਮਾ ਪ੍ਰਾਪਤ ਕੀਤਾ, ਜਦਕਿ ਮੁਸਕਾਨ (ਬੀ. ਪੀ. ਐਡ. ਦੂਜਾ ਸਮੈਸਟਰ) ਨੇ ਯੂਨੀਵਰਸਿਟੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ ਪ੍ਰੇਰਨਾ (ਬੀ. ਪੀ. ਐਡ. ਦੂਜਾ ਸਮੈਸਟਰ) ਨੇ ਯੂਨੀਵਰਸਿਟੀ ਪੱਧਰ 'ਤੇ ਛੇਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀਆਂ ਉਨ੍ਹਾਂ ਦੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਅਧਿਆਪਕਾਂ ਦੇ ਮਜ਼ਬੂਤ ਮਾਰਗਦਰਸ਼ਨ ਦਾ ਨਤੀਜਾ ਹਨ | ਇਹ ਪ੍ਰਾਪਤੀਆਂ ਸਾਰੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ | ਉਨ੍ਹਾਂ ਕਿਹਾ ਕਿ ਇਹ ਨਤੀਜੇ ਉਨ੍ਹਾਂ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਦਿ੍ੜਤਾ ਨੂੰ ਦਰਸਾਉਂਦੇ ਹਨ | ਇਸ ਦੌਰਾਨ ਵਿਭਾਗ ਦੇ ਮੁਖੀ ਡਾ. ਸੰਜੇ ਵਿਜ ਤੇ ਐਸੋਸੀਏਟ ਪ੍ਰੋ. ਡਾ. ਅਮਰਜੀਤ ਸਿੰਘ ਨੇ ਵਿਦਿਆਰਥੀਆਂ ਦੀ ਸਫਲਤਾ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਨਿਰੰਤਰ ਯਤਨਾਂ, ਅਨੁਸ਼ਾਸਨ ਤੇ ਸਿਖਲਾਈ ਨੇ ਇਹ ਨਤੀਜੇ ਸੰਭਵ ਬਣਾਏ ਹਨ | ਮੈਨੇਜਮੈਂਟ ਕਮੇਟੀ ਤੇ ਗਵਰਨਿੰਗ ਬਾਡੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਨੇ ਜੇਤੂਆਂ ਨੂੰ ਵਧਾਈ ਦਿੱਤੀ |