ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਹਰਪ੍ਰੀਤ ਕੌਰ ਸਹਿਗਲ, ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪੰਜਾਬੀ ਵਿਭਾਗ ਦੇ ਮੁਖੀ ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਬਾਬਾ ਫ਼ਰੀਦ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ | ਵਿਦਿਆਰਥੀਆਂ ਨੇ ਸੁੰਦਰ ਲਿਖਾਈ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ, ਨਾਅਰੇ ਲਿਖਣ ਦੇ ਮੁਕਾਬਲੇ, ਵਰਨਮਾਲਾ ਨੂੰ ਸਹੀ ਤਰਤੀਬ ਦੇਣੀ, ਲੋਕ ਸਾਜਾਂ ਅਤੇ ਲੋਕ ਖੇਡਾਂ ਵਿਚ ਰੰਗ ਭਰਨੇ ਆਦਿ ਗਤੀਵਿਧੀਆਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਸਾਰੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਹਰ ਸਾਲ 23 ਸਤੰਬਰ ਨੂੰ ਸਕੂਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਨਾਲ ਜੁੜ ਸਕਣ | ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਦਿਵਸ ਕੈਨੇਡਾ ਵਿਚ ਵੀ ਮਨਾਇਆ ਜਾ ਰਿਹਾ ਹੈ |