ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ 'ਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਕੂਲ 'ਚ ਮਹਾਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਜੀ ਦੀ ਜ਼ਿੰਦਗੀ, ਉਪਦੇਸ਼ ਅਤੇ ਆਤਮਿਕ ਯਾਤਰਾ ਬਾਰੇ ਜਾਣਕਾਰੀ ਪੇਸ਼ ਕੀਤੀ | ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਜੀ ਨੂੰ ਪੰਜਾਬ ਦੇ ਪਹਿਲੇ ਸੂਫ਼ੀ ਸੰਤ ਵਜੋਂ ਮੰਨਿਆ ਜਾਂਦਾ ਹੈ | ਉਨ੍ਹਾਂ ਦੀਆਂ ਬਾਣੀਆਂ, ਸਲੋਕ ਅਤੇ ਸ਼ਬਦਾਂ ਨੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ | ਸਮਾਗਮ ਵਿਚ ਸਕੂਲ ਦੀ ਪੰਜਾਬੀ ਅਧਿਆਪਕਾ ਡਾ. ਪ੍ਰਭਜੋਤ ਕੌਰ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਸਕੂਲ ਦੀ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਬਾਣੀ ਅੱਜ ਦੇ ਸਮੇਂ ਵਿਚ ਵੀ ਓਨੀ ਹੀ ਪ੍ਰਸੰਗਕ ਹੈ ਜਿੰਨੀ ਕਿ ਸਦੀਆਂ ਪਹਿਲਾਂ ਸੀ | ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਇਨ੍ਹਾਂ ਮਹਾਨ ਸੰਤਾਂ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ | ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਨਾ ਸਿਰਫ਼ ਧਾਰਮਿਕ ਗਿਆਨ ਪ੍ਰਦਾਨ ਕੀਤਾ ਸਗੋਂ ਉਨ੍ਹਾਂ ਦੇ ਅੰਦਰ ਆਤਮਿਕਤਾ ਪ੍ਰਤੀ ਰੁਚੀ ਵੀ ਜਗਾਈ | ਸਮੂਹ ਸਕੂਲ ਪਰਿਵਾਰ ਨੇ ਬਾਬਾ ਫ਼ਰੀਦ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਵਚਨ ਕੀਤਾ |