ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ-2026 ਦੇ ਅਧੀਨ ਵਿਕਸਿਤ ਭਾਰਤ ਕੁਇਜ਼ ਦੀ ਸ਼ੁਰੂਆਤ ਮਾਈ ਭਾਰਤ ਪੋਰਟਲ ਰਾਹੀਂ ਕੀਤੀ ਗਈ ਹੈ | ਇਹ ਕੁਇਜ਼ 12 ਭਾਰਤੀ ਭਾਸ਼ਾਵਾਂ 'ਚ ਉਪਲਬਧ ਹੈ ਅਤੇ ਭਾਰਤ ਦੀ ਇਤਿਹਾਸਕ ਯਾਤਰਾ, ਪ੍ਰਾਪਤੀਆਂ ਬਾਰੇ ਗਿਆਨ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ | ਇਸ ਕੁਇਜ਼ ਦੀ ਸ਼ੁਰੂਆਤ 1 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਕੋਈ ਵੀ ਇੱਛੁਕ ਨੌਜਵਾਨ ਮਾਈ ਭਾਰਤ ਪੋਰਟਲ 'ਤੇ ਮੁਫ਼ਤ ਰਜਿਸਟ੍ਰੇਸ਼ਨ ਕਰ ਸਕਦਾ ਹੈ | ਰਜਿਸਟ੍ਰੇਸ਼ਨ 15 ਅਕਤੂਬਰ 2025 ਤੱਕ ਕੀਤੀ ਜਾ ਸਕਦੀ ਹੈ | ਇਹ ਮੁਕਾਬਲਾ ਸਭ ਰਜਿਸਟਰਡ ਯੂਜ਼ਰਾਂ ਲਈ ਖੁੱਲ੍ਹਾ ਹੈ, ਜਦੋਂ ਕਿ 15 ਤੋਂ 29 ਸਾਲ ਉਮਰ ਦੇ ਨੌਜਵਾਨ ਹੀ ਅਗਲੇ ਪੜਾਅ ਲਈ ਯੋਗ ਹੋਣਗੇ | ਇਹ ਪ੍ਰਗਟਾਵਾ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਇਸ ਕੁਇਜ਼ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਾਲ 2047 ਤੱਕ ਵਿਕਸਿਤ ਭਾਰਤ ਦੀ ਨਿਰਮਾਣ ਯਾਤਰਾ ਨਾਲ ਸਰਗਰਮ ਤੌਰ 'ਤੇ ਜੋੜਨਾ ਅਤੇ ਉਨ੍ਹਾਂ ਦੀ ਰਚਨਾਤਮਿਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ |