ਨੱਥੂਵਾਲਾ ਗਰਬੀ, 25 ਸਤੰਬਰ (ਨਵਦੀਪ ਸਿੰਘ)-ਪੰਜਾਬ ਸਰਕਾਰ ਦੀ ਪਹਿਲ ਕਦਮੀ ਦੇ ਚੱਲਦਿਆਂ ਇਸ ਵਾਰ 16 ਸਤੰਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ | ਇਸ ਨੂੰ ਮੁੱਖ ਰੱਖਦਿਆਂ ਹੀ ਮਾਰਕੀਟ ਕਮੇਟੀ ਬਾਘਾ ਪੁਰਾਣਾ ਵਲੋਂ ਦਾਣਾ ਮੰਡੀ ਮਾਹਲਾ ਕਲਾਂ, ਲੰਗੇਆਣਾ ਅਤੇ ਦਾਣਾ ਮੰਡੀ ਨੱਥੂਵਾਲਾ ਗਰਬੀ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਮੰਡੀ ਸੁਪਰਵਾਈਜ਼ਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਦੀ ਬਜਾਏ 16 ਸਤੰਬਰ ਤੋਂ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਵੀ ਇਨ੍ਹਾਂ ਦਾਣਾ ਮੰਡੀਆਂ ਵਿਚ ਝੋਨੇ ਦੀ ਆਮਦ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਝੋਨੇ ਦਾ ਭਾਅ 2389 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਅਤੇ ਨਮੀ ਦੀ ਮਾਤਰਾ 17 ਫ਼ੀਸਦੀ ਰੱਖੀ ਗਈ ਹੈ | ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਕਿਸਾਨ ਵੀਰ ਫ਼ਸਲ ਸਾਫ਼ ਤੇ ਸੁੱਕੀ ਹੀ ਵੱਢ ਕੇ ਦਾਣਾ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਸਮੇਂ ਸਿਰ ਖ਼ਰੀਦ ਹੋ ਸਕੇ | ਇਸ ਸਮੇਂ ਉਨ੍ਹਾਂ ਦੇ ਨਾਲ ਹਰਜੀਤ ਸਿੰਘ ਖਹਿਰਾ ਸੈਕਟਰੀ ਮਾਰਕੀਟ ਕਮੇਟੀ ਬਾਘਾ ਪੁਰਾਣਾ ਵੀ ਹਾਜ਼ਰ ਸਨ |