ਠੱਠੀ ਭਾਈ, 26 ਸਤੰਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਦੇ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫ਼ਾ ਵਾਸੀ ਇਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀਪਾ ਕਰਿਆਨਾ ਸਟੋਰ ਚਲਾ ਰਹੇ ਸੁਖਦੇਵ ਸਿੰਘ ਉਰਫ਼ ਸੀਪਾ ਤੇ ਅਣਪਛਾਤੇ ਵਿਅਕਤੀਆਂ ਵਲੋਂ ਚਲਾਈ ਗਈ ਗੋਲੀ ਵਿਚ ਉਸ ਨੂੰ ਪਹਿਲਾਂ ਹੀ ਸੁਰੱਖਿਆ ਦੇ ਤੌਰ 'ਤੇ ਦਿੱਤੇ ਗਏ ਪੁਲਿਸ ਕਰਮਚਾਰੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਉਰਫ਼ ਸੀਪਾ ਜੋ ਚੱਲਣ ਫਿਰਨ ਤੋਂ ਅਸਮਰਥ ਅਪਾਹਜ ਪਿਤਾ, ਬਜ਼ੁਰਗ ਮਾਤਾ, ਤਿੰਨ ਧੀਆਂ ਅਤੇ ਇਕ ਪੁੱਤਰ ਦਾ ਬਾਪ ਇਕ ਛੋਟਾ ਦੁਕਾਨਦਾਰ ਹੈ | ਜਿਸ ਨੂੰ ਪਿਛਲੇ ਸਮੇਂ ਤੋਂ ਪਿੰਡ ਦੇ ਹੀ ਇਕ ਨੌਜਵਾਨ ਜੋ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਤੋਂ ਬਾਅਦ ਉੱਥੋਂ ਅੱਗੇ ਅਮਰੀਕਾ ਚਲਾ ਗਿਆ ਵਲੋਂ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਪਰ ਉਕਤ ਦੁਕਾਨਦਾਰ ਐਡੀ ਵੱਡੀ ਰਕਮ ਨਾ ਦੇ ਸਕਿਆ | ਸਮਾਂ ਬੀਤਣ ਉਪਰੰਤ ਡੇਢ ਕੁ ਸਾਲ ਪਹਿਲਾਂ ਵੀ ਉਸ 'ਤੇ ਜਾਨਲੇਵਾ ਹਮਲਾ ਹੋਇਆ ਅਤੇ ਗੋਲੀਆਂ ਚੱਲੀਆਂ | ਜਿਸ ਤੋਂ ਬਾਅਦ ਬਾਘਾ ਪੁਰਾਣਾ ਪੁਲਿਸ ਨੇ ਕੁਝ ਬੰਦਿਆਂ ਨੂੰ ਤਸਦੀਕ ਕਰਕੇ ਮਾਮਲਾ ਵੀ ਦਰਜ ਕੀਤਾ | ਪੁਲਿਸ ਅਨੁਸਾਰ ਜਿਨ੍ਹਾਂ 'ਚੋਂ ਇਕ ਵਿਅਕਤੀ ਜ਼ਮਾਨਤ 'ਤੇ ਬਾਹਰ ਆ ਚੁੱਕਾ ਹੈ ਅਤੇ ਕੁਝ ਅਜੇ ਵੀ ਜੇਲ੍ਹ ਵਿਚ ਹਨ | ਇੱਥੇ ਹੀ ਬੱਸ ਨਹੀਂ ਉਸੇ ਘਟਨਾ ਨੂੰ ਮੁੜ ਅੰਜਾਮ ਦਿੰਦਿਆਂ ਅੱਜ ਦਿਨ ਦਿਹਾੜੇ ਕਰੀਬ 10 ਵਜੇ ਸਵੇਰੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਉਕਤ ਦੁਕਾਨਦਾਰ 'ਤੇ ਮੁੜ ਜਾਨਲੇਵਾ ਹਮਲਾ ਕਰਦਿਆਂ ਗੋਲੀ ਚਲਾਈ ਗਈ | ਜਿਸ ਵਿਚ ਉਸ ਨੂੰ ਪੰਜਾਬ ਪੁਲਿਸ ਵਲੋਂ ਮਿਲਿਆ ਹੋਇਆ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ | ਬੇਸ਼ੱਕ ਪੁਲਿਸ ਨੇ ਕਿਹਾ ਹੈ ਕਿ ਸੁਰੱਖਿਆ ਕਰਮਚਾਰੀ ਹਮਲਾਵਰਾਂ ਵਲੋਂ ਚਲਾਈ ਗੋਲੀ ਨਾਲ ਜ਼ਖਮੀ ਨਹੀਂ ਹੋਇਆ ਸਗੋਂ ਗੋਲੀ ਨਾਲ ਟੁੱਟੇ ਹੋਏ ਕੱਚ ਨਾਲ ਜ਼ਖਮੀ ਹੋਇਆ ਹੈ, ਪਰ ਵੱਡੀ ਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਸੁਰੱਖਿਆ ਕਰਮਚਾਰੀ ਨੂੰ ਗੋਲੀ ਲੱਗੀ ਹੈ | ਇਸ ਉਪਰੰਤ ਹਮਲਾਵਰਾਂ 'ਤੇ ਜਵਾਬੀ ਕਾਰਵਾਈ ਕਰਦਿਆਂ ਸੁਖਦੇਵ ਸਿੰਘ ਵਲੋਂ ਵੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਦੋ ਫਾਇਰ ਕੀਤੇ ਗਏ ਪਰ ਉਹ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਇਸ ਘਟਨਾ ਨੇ ਜਿੱਥੇ ਪਿੰਡ ਵਿਚ ਮੁੜ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਹੈ, ਉੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਪਹੁੰਚੀ ਪੁਲਿਸ ਨੇ ਉਕਤ ਦੁਕਾਨਦਾਰ ਦਾ ਘਰ ਬਿਲਕੁਲ ਬੰਦ ਕਰਵਾਈ ਰੱਖਿਆ ਅਤੇ ਮੀਡੀਆ ਕਰਮੀਆਂ ਨੂੰ ਲੰਮਾ ਸਮਾਂ ਉਕਤ ਘਟਨਾ ਦੀ ਜਾਣਕਾਰੀ ਦੇਣ ਤੋਂ ਪਾਸਾ ਵਟਦੀ ਨਜ਼ਰ ਆਈ | ਪੁਲਿਸ ਨੇ ਉਕਤ ਦੁਕਾਨਦਾਰ ਦੇ ਘਰ ਉੱਪਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਡੀ.ਵੀ.ਆਰ. ਵੀ ਆਪਣੇ ਕਬਜ਼ੇ ਵਿਚ ਲੈ ਲਏ | ਪੱਤਰਕਾਰਾਂ ਨਾਲ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਫਿਰੌਤੀ ਮੰਗਣ ਵਾਲਾ ਵਿਅਕਤੀ ਸ਼ਾਨਦੀਪ ਸਿੰਘ ਉਰਫ਼ ਸਨੀ ਵੀ ਇਸੇ ਪਿੰਡ ਮਾੜੀ ਮੁਸਤਫ਼ਾ ਦਾ ਵਾਸੀ ਹੈ ਜਿਸ ਨਾਲ ਨਾ ਤਾਂ ਮੇਰੀ ਕੋਈ ਦੁਸ਼ਮਣੀ ਹੈ ਅਤੇ ਨਾ ਹੀ ਕੋਈ ਰੰਜਿਸ਼ ਪਰ ਪਤਾ ਨਹੀਂ ਕਿਉਂ ਉਹ ਮੇਰੇ ਨਾਲ ਲੰਮੇ ਸਮੇਂ ਤੋਂ ਇਹ ਸਭ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਉਸ ਨੇ ਖ਼ੁਦ ਫ਼ੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਮੈਂ ਉਸ ਨੂੰ ਇਹ ਵੀ ਕਿਹਾ ਸੀ ਕਿ ਮੇਰੇ ਨਾਲ ਤੇਰੀ ਕੀ ਦੁਸ਼ਮਣੀ ਹੈ | ਜੇਕਰ ਕੋਈ ਮੇਰੇ ਤੋਂ ਗ਼ਲਤੀ ਹੋਈ ਹੈ ਤਾਂ ਮੈਂ ਤੇਰੇ ਤੋਂ ਮੁਆਫ਼ੀ ਮੰਗ ਲੈਂਦਾ ਹਾਂ | ਪਰ ਉਹ ਲਗਾਤਾਰ ਪੈਸਿਆਂ ਦੀ ਮੰਗ ਕਰਦਾ ਰਿਹਾ | ਜਾਂਚ ਵਿੱਚ ਜੁਟੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜਿੱਥੇ ਸਾਨਦੀਪ ਸਿੰਘ ਸਨੀ ਦੋਸ਼ੀ ਮੰਨਿਆ ਜਾ ਰਿਹਾ ਹੈ, ਉੱਥੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ ਇਸ ਮਾਮਲੇ 'ਚ ਉਸ ਦਾ ਪਰਿਵਾਰ ਵੀ ਜ਼ਿੰਮੇਵਾਰ ਹੈ | ਬਾਘਾ ਪੁਰਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ |