ਕਿਸ਼ਨਪੁਰਾ ਕਲਾਂ, 28 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)- ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਫ਼ਾਈ ਅਤੇ ਲਾਰਵਾ ਨਸ਼ਟ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਹ ਕਾਰਵਾਈ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ, ਐਸ.ਐਮ.ਓ. ਕੋਟ ਈਸੇ ਖਾਂ ਡਾ. ਰਿਪੂਦਮਨ ਕੌਰ ਅਤੇ ਕਾਰਜਕਾਰੀ ਐਸ.ਐਮ.ਓ. ਡਾ. ਸਮਰਪ੍ਰੀਤ ਕੌਰ ਸੋਢੀ ਦੀ ਯੋਗ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਸਿਹਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਰਾਂ, ਬਾਜ਼ਾਰਾਂ, ਗੋਦਾਮਾਂ ਅਤੇ ਹੋਰ ਇਮਾਰਤਾਂ ਵਿਚ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ | ਸੁਪਰਵਾਈਜ਼ਰ ਡਾ. ਕੁਲਵੰਤ ਸਿੰਘ, ਡਾ. ਦਵਿੰਦਰ ਸਿੰਘ, ਸੁਜਾਤਾ ਤੇ ਕਰਮਜੀਤ ਕੌਰ ਦੀ ਟੀਮ ਨੇ ਜਾਂਚ ਦੌਰਾਨ ਕਈ ਥਾਵਾਂ ਤੋਂ ਡੇਂਗੂ ਮੱਛਰਾਂ ਦਾ ਲਾਰਵਾ ਲੱਭਿਆ, ਜਿਸ ਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ | ਇਨ੍ਹਾਂ ਥਾਵਾਂ ਵਿਚ ਘਰਾਂ ਦੇ ਕੂਲਰ, ਗਮਲੇ, ਪਾਣੀ ਵਾਲੇ ਟੈਂਕ, ਛੱਤਾਂ 'ਤੇ ਪਿਆ ਪਾਣੀ ਅਤੇ ਬੰਦ ਬਰਤਨਾਂ 'ਚ ਲਾਰਵਾ ਪਾਇਆ ਗਿਆ | ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਸਮਝਾਇਆ ਕਿ ਡੇਂਗੂ ਮੱਛਰ ਖੁੱਲ੍ਹੇ ਪਾਣੀ ਵਿਚ ਪੈਦਾ ਹੁੰਦੇ ਹਨ ਅਤੇ ਇਹ ਮੱਛਰ ਸਵੇਰੇ ਅਤੇ ਸ਼ਾਮ ਦੇ ਸਮੇਂ ਵਧੇਰੇ ਸੰਕਰਮਣ ਫੈਲਾਉਂਦੇ ਹਨ | ਸਿਹਤ ਵਿਭਾਗ ਦੇ ਇੰਨਾ ਕਰਮਚਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ, ਹਰ ਹਫ਼ਤੇ ਪਾਣੀ ਵਾਲੇ ਬਰਤਨਾਂ ਨੂੰ ਸਾਫ਼ ਕਰਨਾ ਅਤੇ ਖੂਲੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ | ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਇਲਾਕਿਆਂ ਵਿਚ ਵੀ ਚਲਾਈ ਜਾਵੇਗੀ, ਤਾਂ ਜੋ ਡੇਂਗੂ ਦੇ ਖ਼ਤਰੇ ਖ਼ਤਮ ਕੀਤਾ ਜਾ ਸਕੇ |