ਨਵੀਂ ਦਿੱਲੀ, 28 ਨਵੰਬਰ (ਪੀ. ਟੀ. ਆਈ.)- ਲੋਕ ਸਭਾ ਵਿਚ ਸੋਮਵਾਰ ਨੂੰ ਮਹਿਲਾਵਾਂ ਲਈ ਰਾਖਵਾਂਕਰਨ ਲਾਗੂ ਕਰਨ ਦਾ ਰਾਹ ਪੱਧਰਾ ਕਰਨ ਵਾਲੇ ਸੰਵਿਧਾਨ (132ਵੀਂ ਸੋਧ) ਬਿੱਲ, 2026 ਸਮੇਤ ਤਿੰਨ ਅਹਿਮ ਬਿੱਲ ਵਿਚਾਰ ਤੇ ਪਾਸ ਕਰਨ ਲਈ ਪੇਸ਼ ਕੀਤੇ ਜਾਣਗੇ । ਲੋਕ ਸਭਾ ਦੀ ਕਾਰੋਬਾਰੀ ਸੂਚੀ ਅਨੁਸਾਰ, ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਸੰਵਿਧਾਨ ਸੋਧ ਬਿੱਲ ਨੂੰ ਵਿਚਾਰ ਤੇ ਪਾਸ ਕਰਨ ਲਈ ਪੇਸ਼ ਕਰਨਗੇ । ਇਸ ਦੇ ਨਾਲ ਹੀ ਹੱਦਬੰਦੀ (ਦੂਜਾ) ਬਿੱਲ, 2026 ਵੀ ਪੇਸ਼ ਕੀਤਾ ਜਾਵੇਗਾ ।
ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਦੂਜਾ ਬਿੱਲ, 2026 ਪੇਸ਼ ਕਰਨਗੇ । ਸਰਕਾਰ ਵਲੋਂ 16 ਅਪ੍ਰੈਲ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਮੂਲ ਹੱਦਬੰਦੀ ਬਿੱਲ, 2026 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ, 2026 ਨੂੰ ਵਾਪਸ ਲੈਣ ਦੀ ਵੀ ਕਾਰਜ ਸੂਚੀ ਵਿਚ ਵਿਵਸਥਾ ਕੀਤੀ ਗਈ ਹੈ। ਇਸ ਤੋਂ ਬਾਅਦ ਸਰਕਾਰ ਇਨ੍ਹਾਂ ਦੋਵਾਂ ਬਿੱਲਾਂ ਦੇ ਸੋਧੇ ਹੋਏ ਰੂਪ ਤੇ ਸੰਵਿਧਾਨ ਸੋਧ ਬਿੱਲ ਪੇਸ਼ ਕਰੇਗੀ । ਹੱਦਬੰਦੀ (ਦੂਜਾ) ਬਿੱਲ ਦਾ ਉਦੇਸ਼ ਲੋਕ ਸਭਾ, ਸੂਬਾਈ ਵਿਧਾਨ ਸਭਾਵਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਵਿਚ ਮਹਿਲਾਵਾਂ ਲਈ ਰਾਖਵਾਂਕਰਨ ਲਾਗੂ ਕਰਨਾ ਹੈ ।
ਇਸ ਦੇ ਨਾਲ ਹੀ ਸੀਟਾਂ ਦੀ ਵੰਡ ਵਿਚ ਮੁੜ ਤਬਦੀਲੀ ਤੇ ਚੋਣ ਹਲਕਿਆਂ ਦੀ ਹੱਦਬੰਦੀ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ । ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਰਾਹੀਂ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਐਕਟ, 1963, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਐਕਟ, 1991 ਤੇ ਜੰਮੂ-ਕਸ਼ਮੀਰ ਪੁਨਰਗਠਨ ਐਕਟ, 2019 ਵਿਚ ਸੋਧ ਕਰਨਾ ਚਾਹੁੰਦੀ ਹੈ । ਇਸ ਦਾ ਉਦੇਸ਼ ਵਿਧਾਨ ਸਭਾਵਾਂ ਵਾਲੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ—ਦਿੱਲੀ, ਜੰਮੂ-ਕਸ਼ਮੀਰ ਤੇ ਪੁਡੂਚੇਰੀ ਵਿਚ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨਾ ਹੈ ।
ਇਸ ਦੌਰਾਨ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਲੋਕ ਸਭਾ ਦੇ ਨਿਯਮ 66 ਨਾਲ ਸਬੰਧਿਤ ਉਪਬੰਧ ਨੂੰ ਮੁਅੱਤਲ ਕਰਨ ਲਈ ਵੀ ਮਤਾ ਪੇਸ਼ ਕਰਨਗੇ । ਸੂਚੀ ਅਨੁਸਾਰ, ਵਿਚਾਰ ਅਤੇ ਪਾਸ ਕਰਨ ਲਈ ਦਰਜ ਕੀਤੇ ਗਏ ਤਿੰਨੋਂ ਬਿੱਲਾਂ ਨੂੰ ਇਕੱਠਿਆਂ ਹੀ ਲੋਕ ਸਭਾ ਵਿਚ ਵਿਚਾਰ ਲਈ ਲਿਆਂਦਾ ਜਾਵੇਗਾ ।