ਮੋਗਾ, 28 ਸਤੰਬਰ (ਗੁਰਤੇਜ ਸਿੰਘ ਬੱਬੀ)-ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਬੰਧਕਾਂ ਤੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿਚ ਕੀਤਾ | ਖ਼ੂਨਦਾਨ ਕੈਂਪ ਵਿਚ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨਾਂ 'ਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਕਰਦੇ ਹਨ ਅਤੇ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕਰਨ ਦਾ ਸਾਧਨ ਬਣਦੇ ਹਨ | ਕਾਲਜ ਪਿ੍ੰਸੀਪਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰ ਤੇ ਆਦਰਸ਼ ਅੱਜ ਵੀ ਨੌਜਵਾਨਾਂ ਨੂੰ ਦੇਸ਼ ਸੇਵਾ ਅਤੇ ਸਮਾਜ ਕਲਿਆਣ ਲਈ ਪ੍ਰੇਰਿਤ ਕਰਦੇ ਹਨ | ਇਸ ਮੌਕੇ ਡਾ. ਮਾਨਵੀ ਅਗਰਵਾਲ ਨੇ ਬੱਚਿਆਂ ਤੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਮੋਗਾ ਦਾ ਖ਼ਾਸ ਧੰਨਵਾਦ ਕੀਤਾ | ਡਾਇਰੈਕਟਰ ਇੰਜੀਨੀਅਰ ਲਵ ਗੋਇਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਸ਼ਬਦਾਂ ਅਤੇ ਵਿਚਾਰਾਂ 'ਤੇ ਚੱਲਣਾ ਸਿੱਖਣਾ ਚਾਹੀਦਾ ਹੈ, ਤਦ ਹੀ ਅਸੀਂ ਅਸਲ ਅਰਥਾਂ ਵਿਚ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ | ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ |