ਅਜੀਤਵਾਲ, 19 ਅਕਤੂਬਰ (ਹਰਦੇਵ ਸਿੰਘ ਮਾਨ)-ਹਲਕਾ ਨਿਹਾਲ ਸਿੰਘ ਵਾਲਾ ਦੇ ਵੱਡੇ ਪਿੰਡ ਕੋਕਰੀ ਕਲਾਂ ਵਿਖੇ ਬੀਤੇ ਦਿਨੀਂ ਹੋਏ ਝਗੜੇ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਜਗਤਾਰ ਸਿੰਘ ਖ਼ਿਲਾਫ਼ ਥਾਣਾ ਅਜੀਤਵਾਲ ਦੀ ਪੁਲਿਸ ਵਲੋਂ ਉਸ ਦੇ ਲੜਕੇ ਅਤੇ ਹੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ 'ਤੇ ਅੱਜ ਉਸ ਸਮੇਂ ਅਲੱਗ ਸਥਿਤੀ ਬਣ ਗਈ ਜਦੋਂ ਥਾਣਾ ਅਜੀਤਵਾਲ ਵਿਖੇ ਸਰਪੰਚ ਜਗਤਾਰ ਸਿੰਘ ਦੇ ਹੱਕ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਨਿਰਭੈ ਸਿੰਘ ਢੁੱਡੀਕੇ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਸਰਪੰਚ ਦੀ ਕੁੱਟਮਾਰ ਕਰਨ, ਦਸਤਾਰ ਉਤਾਰਨ ਅਤੇ ਦਾੜ੍ਹੀ ਪੁੱਟਣ ਆਦਿ ਨਾਲ ਪਿੰਡ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਦੂਸਰਾ ਲੜਾਈ ਅੱਡੇ ਵਿਚ ਹੋਈ ਅਤੇ ਗ਼ਲਤ ਜਾਣਕਾਰੀ ਨਾਲ ਘਰ ਦਾ ਦੱਸਿਆ ਗਿਆ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ | ਪੁਲਿਸ ਵਲੋਂ ਇਸ ਗ਼ਲਤ ਦਰਜ ਕੀਤੇ ਗਏ ਮੁਕੱਦਮੇ ਨੂੰ ਖ਼ਾਰਜ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਵਾਂਗੇ | ਜੇਕਰ ਇਨਸਾਫ਼ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਲੋੜ ਪਈ ਤਾਂ ਥਾਣਾ ਅਜੀਤਵਾਲ ਦੇ ਸਾਹਮਣੇ ਧਰਨਾ ਵੀ ਦੇਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਵਿਕਾਸ ਕਾਰਜਾਂ ਨੂੰ ਰੋਕਣ ਲਈ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ | ਇਸੇ ਕਾਰਨ ਇਹ ਲੜਾਈ ਝਗੜਾ ਕੀਤਾ ਗਿਆ, ਜਿਸ ਵਿਚ ਮੇਰੀ ਦਸਤਾਰ ਉਤਾਰਨ ਤੇ ਮੇਰੀ ਦਾੜ੍ਹੀ ਨੂੰ ਵੀ ਹੱਥ ਪਾਇਆ ਗਿਆ, ਮੇਰਾ ਘਰ ਦੂਸਰੇ ਵਿਅਕਤੀਆਂ ਤੋਂ ਅੱਗੇ ਹੋਣ ਕਰ ਕੇ ਮੇਰੀ ਲੰਘਣ ਵੇਲੇ ਦੀ ਵੀਡੀਓ ਬਣਾ ਕੇ ਉਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ | ਪੁਲਿਸ ਵਲੋਂ ਨਿਰਪੱਖ ਜਾਂਚ ਬਿਨਾਂ ਉਲਟਾ ਮੇਰੇ, ਮੇਰੇ ਲੜਕੇ ਅਤੇ ਮੇਰੇ ਦੋ ਸਾਥੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ, ਜੋ ਕਿ ਸਾਡੇ ਨਾਲ ਧੱਕੇਸ਼ਾਹੀ ਹੈ, ਜਿਸ ਦੇ ਇਨਸਾਫ਼ ਲਈ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਥਾਣਾ ਅਜੀਤਵਾਲ ਦੇ ਮੁਖੀ ਲਛਮਣ ਸਿੰਘ ਨਾਲ ਮਿਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਥਾਣੇ ਵਿਚ ਮੌਜੂਦ ਨਾ ਹੋਣ ਕਰ ਕੇ ਕੁਝ ਵੀ ਨਹੀਂ ਹੋ ਸਕਿਆ | ਉੱਧਰ ਜਦ ਇਸ ਮਾਮਲੇ ਸਬੰਧੀ ਥਾਣਾ ਅਜੀਤਵਾਲ ਦੇ ਮੁਖੀ ਲਛਮਣ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਸਬੰਧਿਤ ਧਿਰ ਨੂੰ ਕੁਝ ਗ਼ਲਤ ਲੱਗਾ ਹੈ ਤਾਂ ਇਸ ਦੀ ਦਰਖ਼ਾਸਤ ਮਿਲਣ 'ਤੇ ਮਾਮਲੇ ਦੀ ਮੁੜ ਪੜਤਾਲ ਹੋਵੇਗੀ ਤੇ ਕਿਸੇ ਵੀ ਬੇ-ਕਸੂਰ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ | ਇਸ ਸਮੇਂ ਹਰਜੀਤ ਸਿੰਘ, ਇੰਦਰਜੀਤ ਸਿੰਘ, ਰੇਸ਼ਮ ਸਿੰਘ, ਜਸਵਿੰਦਰ ਸਿੰਘ, ਜੱਗਾ ਸਿੰਘ, ਕੇਵਲ ਸਿੰਘ, ਲੱਡੂ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |