ਮੋਗਾ, 19 ਅਕਤੂਬਰ (ਸੁਰਿੰਦਰਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀ ਟਰੇਨਿੰਗ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਰਹੇ ਹਨ ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸਾਇੰਸ ਅਧਿਆਪਕਾਂ ਨੂੰ ਭਾਰਤ ਦੀ ਪ੍ਰਸਿੱਧ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਖ਼ੁਦਾਪੁਰਾ ਬੈਂਗਲੁਰੂ (ਕਰਨਾਟਕਾ) ਵਿਖੇ ਇਕ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਵਿਚ ਭਾਗ ਲੈਣ ਲਈ ਭੇਜਿਆ ਗਿਆ | ਪ੍ਰੋਗਰਾਮ ਵਿਚ ਪੰਜਾਬ ਦੇ ਹਰ ਜ਼ਿਲ੍ਹੇ ਵਿਚੋਂ ਪੰਜ-ਪੰਜ ਸਾਇੰਸ ਅਧਿਆਪਕਾਂ, ਕੁੱਲ ਲਗ-ਪਗ 120 ਅਧਿਆਪਕਾਂ ਨੂੰ ਟਰੇਨਿੰਗ ਲਈ ਚੁਣਿਆ ਗਿਆ ਸੀ | ਜ਼ਿਲ੍ਹਾ ਮੋਗਾ ਦੇ ਪੰਜ ਪ੍ਰਤਿਭਾਸ਼ਾਲੀ ਸਾਇੰਸ ਅਧਿਆਪਕ ਇੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ ਅਮੀਵਾਲਾ, ਰਾਹੁਲ ਗੋਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਢੇਕੇ, ਕਿਰਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਕੇ, ਸੁਨੀਤਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਅਤੇ ਅਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ ਨੇ ਭਾਗ ਲਿਆ | ਇਹ ਦਸ ਰੋਜ਼ਾ ਟਰੇਨਿੰਗ ਪ੍ਰੋਗਰਾਮ 14 ਅਕਤੂਬਰ ਤੱਕ ਚੱਲਿਆ | ਇਸ ਟਰੇਨਿੰਗ ਪ੍ਰੋਗਰਾਮ ਅਧੀਨ ਟੇਲੈਂਟ ਡਿਵੈਲਪਮੈਂਟ ਸੈਂਟਰ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਖ਼ੁਦਾਪੁਰਾ, ਕਰਨਾਟਕਾ ਦੇ ਬਹੁਤ ਹੀ ਕਾਬਿਲ ਫੈਕਲਟੀ ਮੈਂਬਰਾਨ ਵਲੋਂ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਗਈ | ਇਸ ਟਰੇਨਿੰਗ ਪ੍ਰੋਗਰਾਮ ਤਹਿਤ ਅਧਿਆਪਕਾਂ ਨੂੰ ਸਾਇੰਸ ਵਿਸ਼ੇ ਵਿਚ ਹੋਈਆਂ ਨਵੀਆਂ ਖੋਜਾਂ ਅਤੇ ਤਕਨੀਕਾਂ ਸਬੰਧੀ ਵਾਕਫ਼ ਕਰਵਾਇਆ ਗਿਆ | ਵਿਸ਼ੇ ਨਾਲ ਸਬੰਧਿਤ ਆਪਣੇ ਗਿਆਨ ਨੂੰ ਅੱਪਡੇਟ ਕਰਨ ਅਤੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਹ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੇ ਆਖ਼ਰੀ ਦਿਨ ਇੰਸਟੀਚਿਊਟ ਵਲੋਂ ਅਧਿਆਪਕਾਂ ਨੂੰ ਸਫਲਤਾ ਪੂਰਵਕ ਟਰੇਨਿੰਗ ਪ੍ਰਾਪਤ ਕਰਨ 'ਤੇ ਪ੍ਰਸੰਸਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਇਨ੍ਹਾਂ ਵਿਚੋਂ ਟਰੇਨਿੰਗ ਦੌਰਾਨ ਪ੍ਰੈਕਟੀਕਲ ਐਕਸਪੇਰੀਮੈਂਟ, ਅਸਾਈਨਮੈਂਟ ਅਤੇ ਵੱਖ-ਵੱਖ ਮੁਲਾਕਣਾਂ ਵਿਚ ਵਧੀਆ ਪ੍ਰਦਰਸ਼ਨ ਕਾਰਨ ਵਾਲੇ 10 ਅਧਿਆਪਕਾਂ ਨੂੰ ਬੈਸਟ ਪਰਫਾਰਮਰ ਦਾ ਖ਼ਿਤਾਬ ਵੀ ਦਿੱਤਾ ਗਿਆ | ਸਰਕਾਰੀ ਹਾਈ ਸਕੂਲ ਅਮੀਵਾਲਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਪ੍ਰਤਿਭਾਸ਼ਾਲੀ ਅਧਿਆਪਕ ਇੰਦਰਜੀਤ ਸਿੰਘ ਨੇ ਬੈਸਟ ਪਰਫਾਰਮਰ ਦਾ ਖ਼ਿਤਾਬ ਹਾਸਲ ਕੀਤਾ | ਇੰਦਰਜੀਤ ਸਿੰਘ ਦੇ ਸਕੂਲ ਪਹੁੰਚਣ 'ਤੇ ਸਰਕਾਰੀ ਹਾਈ ਸਕੂਲ ਅਮੀਵਾਲਾ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ | ਸਕੂਲ ਮੁਖੀ ਨੇ ਇਸ ਪ੍ਰਾਪਤੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਨ੍ਹਾਂ ਦੇ ਵਿਦਿਆਰਥੀਆਂ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਸਾਇੰਸ ਪ੍ਰਤੀਯੋਗਤਾਵਾਂ ਵਿਚ ਪ੍ਰਾਪਤੀਆਂ ਕਰਦੇ ਹਨ ਅਤੇ ਸਟੇਟ ਪੱਧਰ ਪ੍ਰੋਗਰਾਮਾਂ ਵਿਚ ਵੀ ਭਾਗ ਲੈਂਦੇ ਹਨ |