ਮੋਗਾ, 21 ਨਵੰਬਰ (ਗੁਰਤੇਜ ਸਿੰਘ ਬੱਬੀ)-'ਅਜੀਤ' ਦੇ ਮੋਗਾ ਤੋਂ ਪ੍ਰੈੱਸ ਫ਼ੋਟੋਗਰਾਫ਼ਰ ਜਸਪਾਲ ਸਿੰਘ ਬੱਬੀ ਦੇ ਮੇਨ ਬਾਜ਼ਾਰ ਸਥਿਤ ਫ਼ੋਟੋ ਸਟੂਡੀਓ ਉੱਪਰ ਬਣੇ ਘਰ ਵਿਚ ਦਿਨ ਦਿਹਾੜੇ ਚੋਰੀ ਹੋਣ ਦਾ ਪਤਾ ਲੱਗਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਬੱਬੀ ਨੇ ਦੱਸਿਆ ਕਿ ਅੱਜ ਚੋਰਾਂ ਨੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਦਿਨ ਦਿਹਾੜੇ ਕਮਰੇ ਦਾ ਗੇਟ ਤੋੜ ਕੇ ਅੰਦਰ ਪਿਆ ਕੀਮਤੀ ਸਮਾਨ ਜਿਸ 'ਚ ਮਹਿੰਗੇ ਭਾਅ ਦਾ ਸਟਿੱਲ ਕੈਮਰਾ, ਲੈਪਟਾਪ, ਘੜੀਆਂ, 12 ਹਜ਼ਾਰ ਦੀ ਨਕਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ | ਜਦੋਂ ਇਸ ਦੀ ਸੂਚਨਾ ਉਨ੍ਹਾਂ ਵਲੋਂ ਥਾਣਾ ਸਿਟੀ ਮੋਗਾ ਨੂੰ ਦਿੱਤੀ ਗਈ ਤਾਂ ਮੁੱਖ ਅਫ਼ਸਰ ਇੰਸਪੈਕਟਰ ਵਰੁਨ ਕੁਮਾਰ, ਮੁਨਸ਼ੀ ਦਿਲਰਾਜ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਵਲੋਂ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ |