ਸਮਾਲਸਰ, 21 ਨਵੰਬਰ (ਗੁਰਜੰਟ ਕਲਸੀ ਲੰਡੇ)-ਮੋਗਾ ਤੋਂ ਵਾਇਆ ਸਮਾਲਸਰ ਕੋਟਕਪੂਰਾ ਤੱਕ ਰੇਲ ਲਾਈਨ ਬਣਾਉਣ ਦੀ ਮੰਗ ਹੋਰ ਜ਼ੋਰ ਫੜਨ ਲੱਗੀ ਹੈ | ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਇੱਥੇ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿਚ ਹਾਜ਼ਰ ਲੋਕਾਂ ਨੇ ਜੋਰ ਸ਼ੋਰ ਨਾਲ ਮੰਗ ਉਠਾਈ ਕਿ ਮੋਗਾ ਤੋਂ ਕੋਟਕਪੂਰਾ ਤੱਕ ਰੇਲ ਲਿੰਕ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ | ਲੋਕਾਂ ਨੇ ਮੰਗ ਕੀਤੀ ਕਿ ਇਹ ਅੱਜ ਦੇ ਸਮੇਂ ਦੀ ਬਹੁਤ ਲੋੜ ਹੈ | ਲੋਕਾਂ ਨੇ ਕਿਹਾ ਕਿ ਇਹ ਰੇਲ ਲਿੰਕ ਬਣਨ ਨਾਲ ਇਹ ਖੇਤਰ ਲੁਧਿਆਣਾ, ਜੰਮੂ, ਸ੍ਰੀਨਗਰ, ਦਿੱਲੀ, ਬਠਿੰਡਾ, ਗੰਗਾ ਨਗਰ, ਬੀਕਾਨੇਰ ਆਦਿ ਨਾਲ ਸਿੱਧਾ ਜੁੜ ਜਾਵੇਗਾ ਅਤੇ ਵਪਾਰ ਕਰਨਾ ਹੋਰ ਸੌਖਾ ਹੋ ਜਾਵੇਗਾ | ਇਸ ਨਾਲ ਰੇਲਵੇ ਦੀ ਕਮਾਈ ਵੀ ਵਧੇਗੀ | ਸੀਨੀਅਰ ਨੇਤਾ ਹਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਇਹ ਮੰਗ ਰੇਲ ਮੰਤਰੀ ਰਵਨੀਤ ਬਿੱਟੂ ਕੋਲ ਜਲਦੀ ਤੋਂ ਜਲਦੀ ਉਠਾਉਣਗੇ ਤੇ ਸ਼ੁੱਭ ਕਾਰਜ ਜਲਦੀ ਸ਼ੁਰੂ ਕੀਤਾ ਜਾਵੇਗਾ | ਵਰਨਣਯੋਗ ਹੈ ਕਿ ਮੋਗਾ ਤੋਂ ਕੋਟ ਕਪੂਰਾ ਤੱਕ ਰੇਲ ਲਾਈਨ ਬਣਾਉਣ ਲਈ ਬਾਘਾ ਪੁਰਾਣੇ, ਕੋਟਕਪੂਰੇ ਅਤੇ ਹੋਰ ਹਲਕਿਆਂ ਤੋਂ ਲਗਾਤਾਰ ਮੰਗਾਂ ਉੱਠ ਰਹੀਆਂ ਹਨ | ਇਸ ਮੌਕੇ ਜਤਿੰਦਰ ਕੁਮਾਰ ਸ਼ਰਮਾ, ਰਾਜ ਸਬਜ਼ੀ ਵਾਲਾ, ਅੰਗਰੇਜ਼ ਸਿੰਘ ਬਰਾੜ, ਜਸਵੀਰ ਸਿੰਘ ਸੀਰਾ ਬਰਾੜ, ਮੁਖਤਿਆਰ ਸਿੰਘ ਨੰਬਰਦਾਰ, ਗੁਰਜੰਟ ਸਿੰਘ ਸਿੱਧੂ, ਹੰਸਾ ਸਿੰਘ ਪੰਚ, ਉਂਕਾਰ ਅਹੂਜਾ, ਡਾ. ਗੁਰਪ੍ਰੀਤ ਸਿੰਘ, ਅਰਮਾਨ ਸਿੰਘ ਘਾਰੂ ਹਾਜ਼ਰ ਸਨ |