ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਰਾਜ ਪੱਧਰੀ ਬਾਲ ਗਿਆਨ ਪ੍ਰਸ਼ਨੋਤਰੀ ਮੁਕਾਬਲਾ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਵੱਡੇ ਪੱਧਰ 'ਤੇ ਕਰਵਾਇਆ ਗਿਆ | ਸਮਾਗਮ 'ਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਿਆਲ ਸਿੰਘ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦਾ ਸੰਚਾਲਨ ਭਾਸ਼ਾ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ ਦੀ ਦੇਖ-ਰੇਖ ਹੇਠ ਕੀਤਾ ਗਿਆ | ਇਸ ਮੁਕਾਬਲੇ ਦੀ ਵਿਸ਼ੇਸ਼ ਪ੍ਰਾਪਤੀ ਰੈਵੋ ਸਾਫ਼ਟਵੇਅਰ ਕੰਪਨੀ ਦੁਆਰਾ ਤਿਆਰ ਕੀਤਾ ਗਿਆ, ਡਿਜੀਟਲ ਕੁਇਜ਼ ਬੋਰਡ ਤੇ ਸਕੋਰ ਬੋਰਡ ਸੀ, ਜੋ ਕਿ ਆਪਣੇ ਆਪ ਵਿਚ ਇਕ ਵਿਲੱਖਣ ਤਜਰਬਾ ਸੀ | ਇਸ ਸਾਫ਼ਟਵੇਅਰ ਦੀ ਮਦਦ ਨਾਲ ਮੰਚ ਉੱਪਰ ਲੱਗੀ ਵੱਡੀ ਸਕਰੀਨ ਉੱਤੇ ਪ੍ਰਤੀਯੋਗੀਆਂ ਨੂੰ ਪੁੱਛੇ ਜਾਣ ਵਾਲੇ ਸਵਾਲ ਤੇ ਉਨ੍ਹਾਂ ਦੁਆਰਾ ਹਾਸਲ ਕੀਤੇ ਜਾ ਰਹੇ ਅੰਕ ਅਤੇ ਨਤੀਜੇ ਪ੍ਰਦਰਸ਼ਿਤ ਕੀਤੇ ਗਏ, ਜੋ ਕਿ ਦਰਸ਼ਕਾਂ ਲਈ ਖਿੱਚ ਦੇ ਕੇਂਦਰ ਬਣੇ ਰਹੇ | ਪ੍ਰਸਿੱਧ ਪੰਜਾਬ ਵਿਅੰਗਕਾਰ ਕੇ.ਐਲ. ਗਰਗ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿਚ ਸੈਕਰਡ ਹਾਰਟ ਸਕੂਲ ਮੋਗਾ ਦੇ ਚੇਅਰਮੈਨ ਚਾਰਲਸ ਜੇਬਾ ਕੁਮਾਰ, ਪਿ੍ੰਸੀਪਲ ਵਿਜਿਆ ਜੇਬਾ ਕੁਮਾਰ ਅਤੇ ਪ੍ਰਸ਼ਾਸਕ ਮੈਡਮ ਕੀਰਤ ਗਿੱਲ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਤੇ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ | ਮੰਚ ਸੰਚਾਲਨ ਕਰ ਰਹੇ ਖੋਜ ਅਫ਼ਸਰ ਮੋਗਾ ਬਿਮਲ ਕੁਮਾਰ ਨੇ ਆਏ ਹੋਏ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਈ | ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਇਹ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਹੈ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ ਨੇ ਕਿਹਾ ਕਿ ਇਸ ਮੌਕੇ ਰਿਹਾਨ ਮਨਚੰਦਾ ਦੀ ਕੰਪਨੀ ਰੈਵੋ ਸਾਫ਼ਟਵੇਅਰ ਦੁਆਰਾ ਤਿਆਰ ਕੀਤੇ ਗਏ ਰੈਵੋ ਕੁਇਜ਼ ਬੋਰਡ ਅਤੇ ਸਕੋਰ ਬੋਰਡ ਦਾ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੁਆਰਾ ਕੀਤਾ ਗਿਆ | ਕੁਇਜ਼ ਮਾਸਟਰ ਰਿਸ਼ੀ ਮਨਚੰਦਾ ਦੁਆਰਾ ਇਹ ਸਾਫ਼ਟਵੇਅਰ ਭਾਸ਼ਾ ਵਿਭਾਗ ਪੰਜਾਬ ਨੂੰ ਸਮਰਪਿਤ ਕੀਤਾ ਗਿਆ | ਫ਼ੋਨ ਰਾਹੀਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੁਆਰਾ ਸਿੱਧੇ ਪ੍ਰਸਾਰਨ ਵਜੋਂ ਪੰਜਾਬੀ ਮਾਹ ਦੇ ਮਹੱਤਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਸਬੰਧੀ ਸੰਦੇਸ਼ ਦਿੱਤਾ ਗਿਆ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਸਾਰੀ ਕਾਗ਼ਜ਼ੀ ਕਾਰਵਾਈ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਦੇ ਸੀਨੀਅਰ ਸਹਾਇਕ ਨਵਦੀਪ ਸਿੰਘ, ਕਲਰਕ ਚਿਮਨ ਲਾਲ ਵਲੋਂ ਬਾਖ਼ੂਬੀ ਮੁਕੰਮਲ ਕੀਤੀ ਗਈ | ਇਸ ਮੌਕੇ ਮੁੱਖ ਦਫ਼ਤਰ ਭਾਸ਼ਾ ਵਿਭਾਗ ਪੰਜਾਬ ਤੋਂ ਆਏ ਕਾਰਜਕਾਰੀ ਭਾਸ਼ਾ ਅਫ਼ਸਰ ਮਨਜਿੰਦਰ ਸਿੰਘ, ਐਡਵੋਕੇਟ ਹਰਦੀਪ ਸਿੰਘ ਲੋਧੀ, ਐਡਵੋਕੇਟ ਸ਼ਿਵਚਰਨ ਸਿੰਘ ਗਿੱਲ, ਡਾ. ਮਨਦੀਪ ਕੌਰ, ਲੈਕਚਰਾਰ ਅਮਰਪ੍ਰੀਤ ਕੌਰ, ਹੈੱਡ ਮਾਸਟਰ ਚਰਨਜੀਤ ਸਿੰਘ ਸਮਾਲਸਰ, ਹੈੱਡ ਮਾਸਟਰ ਪ੍ਰਮੋਦ ਗੁਪਤਾ, ਪੰਜਾਬੀ ਲੇਖਕ ਧਾਮੀ ਗਿੱਲ ਵਿਕਾਸ ਚੋਪੜਾ, ਬਲਵਿੰਦਰ ਸਿੰਘ ਦੌਲਤਪੁਰਾ, ਸਿਮਰਨਜੀਤ ਸਿੰਘ, ਬਲਵਿੰਦਰਪਾਲ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |