ਕੋਟ ਈਸੇ ਖਾਂ, 5 ਦਸੰਬਰ (ਗੁਰਮੀਤ ਸਿੰਘ ਖਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਨਾਲ ਯੂਨੀਅਨ ਦੀ ਬਲਾਕ ਪੱਧਰੀ ਬੈਠਕ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ | ਬੈਠਕ ਦੀ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮ ਕੇ ਨੇ ਚਲਾਈ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਜਾਰੀ ਹੈ | ਜਿਸ ਦੇ ਚੱਲਦਿਆਂ ਜਿਵੇਂ ਪਹਿਲਾਂ ਖੇਤੀ ਵਿਰੋਧੀ ਕਾਲੇ ਕਾਨੂੰਨ ਥੋਪਣਾ ਚਾਹੁੰਦੇ ਸਨ ਉਸੇ ਤਰਜ਼ 'ਤੇ ਕਈ ਤਰ੍ਹਾਂ ਦੇ ਵੱਖ-ਵੱਖ ਪੰਜਾਬ ਵਿਰੋਧੀ ਬਿੱਲ ਪਾਸ ਕਰਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਹੁਣ ਵੀ ਬਿਜਲੀ ਸੋਧ ਬਿੱਲ 2025 ਤਾਜ਼ਾ ਉਦਾਹਰਨ ਹੈ | ਇਕ ਹੋਰ ਵੱਡੀ ਚਿੰਤਾ ਜ਼ਾਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਇਕ ਦੇਸ਼ ਇਕ ਰਜਿਸਟਰੀ ਵਾਲੇ ਕੇਂਦਰ ਦੇ ਨਵੇਂ ਹੱਥਕੰਡੇ ਰਾਜਾਂ ਦੇ ਅਧਿਕਾਰਾਂ ਨੂੰ ਖੋਹਣ ਵਾਲੇ ਹਨ ਜੋ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ | ਆਗੂਆਂ ਕਿਹਾ ਕਿ ਤਰਾਸਦੀ ਇਹ ਹੈ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਕਠਪੁਤਲੀ ਵਾਂਗ ਨਜ਼ਰ ਆ ਰਹੀ ਹੈ | ਆਗੂਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ 'ਤੇ ਬਿਜਲੀ ਸੋਧ ਬਿੱਲ ਖਿਲਾਫ 8 ਦਸੰਬਰ ਨੂੰ ਐਸ.ਡੀ.ਓ. ਦਫਤਰਾਂ ਮੂਹਰੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਬੈਠਕ ਮੌਕੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਹਰਬੰਸ ਸਿੰਘ ਬਹਿਰਾਮ ਕੇ ਜ਼ਿਲ੍ਹਾ ਜਨਰਲ ਸਕੱਤਰ, ਬਾਪੂ ਸੂਰਤ ਸਿੰਘ ਬਹਿਰਾਮ ਕੇ, ਸੁਖਵਿੰਦਰ ਸਿੰਘ ਵਿਰਕ, ਰਾਮ ਸਿੰਘ ਜਾਨੀਆ, ਡਾ. ਸੁਰਜੀਤ ਸਿੰਘ ਰਾਮਗੜ੍ਹ, ਸੁਰਜੀਤ ਸਿੰਘ ਰੰਧਾਵਾ ਤਹਿ: ਪ੍ਰਧਾਨ, ਲਾਲਜੀਤ ਸਿੰਘ ਧਰਮ ਸਿੰਘ ਵਾਲਾ, ਬਲਵੀਰ ਸਿੰਘ ਨੰਬਰਦਾਰ, ਸੁਰਜੀਤ ਸਿੰਘ ਵਿਰਕ, ਇੰਦਰਜੀਤ ਸਿੰਘ ਖੋਸਾ ਕੋਟਲਾ, ਰਵੀ ਗੁਲਾਟੀ ਕੋਟ ਆਦਿ ਹਾਜ਼ਰ ਸਨ |