ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ (ਮੋਗਾ) ਦੀਆਂ ਵਿਦਿਆਰਥਣਾਂ ਨੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਹਰੇਕ ਸਾਲ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਧਾਰਮਿਕ ਪ੍ਰੀਖਿਆ ਨਵੰਬਰ 2024 ਵਿਚ ਕੁੱਲ 59 ਵਿਦਿਆਰਥਣਾਂ ਨੇ ਭਾਗ ਲਿਆ ਸੀ ਜਿਨਾਂ ਵਿਚੋਂ 17 ਵਿਦਿਆਰਥਣਾਂ ਨੇ 2100-2100 ਰੁਪਏ ਵਜ਼ੀਫ਼ਾ ਪ੍ਰਾਪਤ ਕੀਤਾ ਜੋ ਕਿ ਸਾਰੇ ਸਕੂਲ ਦੀਆਂ ਵਿਦਿਆਰਥਣਾਂ ਨੇ ਕੁੱਲ ਰਕਮ 35700 ਰੁਪਏ ਪ੍ਰਾਪਤ ਕੀਤੀ | ਇਸ ਸਮੇਂ ਪ੍ਰਚਾਰਕ ਸਾਹਿਬਾਨ ਮਨਪ੍ਰੀਤ ਸਿੰਘ ਧੱਲੇਕੇ ਅਤੇ ਕੁਲਬੀਰ ਸਿੰਘ ਮਨਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਹਾਜ਼ਰ ਹੋ ਕੇ ਵਿਦਿਆਰਥਣਾਂ ਨੂੰ ਵਜ਼ੀਫ਼ੇ ਵੰਡੇ | ਪਿ੍ੰਸੀਪਲ ਰਮਨਦੀਪ ਕੌਰ ਨੇ ਵਿਦਿਆਰਥਣਾਂ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਵੱਧ ਚੜਕੇ ਅਜਿਹੀਆਂ ਧਾਰਮਿਕ ਪ੍ਰੀਖਿਆਵਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਇਸ ਸਮੇਂ ਧਾਰਮਿਕ ਅਧਿਆਪਕ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਮੰਤਵ ਅਜੋਕੀ ਪੀੜੀ ਨੂੰ ਗੁਰ ਇਤਿਹਾਸ, ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ |