ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਹਲਕਿਆਂ 'ਚ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਦੇ ਚੋਣ ਰਿਹਰਸਲ ਸਥਾਨ ਏ.ਡੀ. ਕਾਲਜ ਧਰਮਕੋਟ, ਗਰਲਜ਼ ਸਕੂਲ ਬਾਘਾ ਪੁਰਾਣਾ, ਆਦਰਸ਼ ਸਕੂਲ ਜਵਾਹਰ ਸਿੰਘ ਵਾਲਾ, ਐਸ.ਡੀ. ਸਕੂਲ ਮੋਗਾ ਵਿਖੇ ਇਕੱਤਰ ਹੋਏ ਬੀ.ਐਲ.ਓ. ਵਲੋਂ ਸਮੂਹਿਕ ਤੌਰ 'ਤੇ ਭਾਰੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਹਲਕਾ ਨਿਹਾਲ ਸਿੰਘ ਦੇ ਪ੍ਰਧਾਨ ਜਸਵਿੰਦਰ ਸਿੰਘ, ਹਲਕਾ ਧਰਮਕੋਟ ਦੇ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ, ਹਲਕਾ ਬਾਘਾ ਪਰਾਣਾ ਦੇ ਪ੍ਰਧਾਨ ਗੋਬਿੰਦ ਸਿੰਘ, ਹਲਕਾ ਮੋਗਾ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਦੇ ਹੋਏ ਆਪਣੇ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਮੌਕੇ 'ਤੇ ਮੀਟਿੰਗ ਕਰਕੇ ਚੋਣ ਡਿਊਟੀ ਤੋਂ ਛੋਟ ਸਬੰਧੀ ਲਿਖਤੀ ਸੂਚਨਾ ਵੀ ਦਿੱਤੀ ਗਈ | ਹਲਕਾ ਧਰਮਕੋਟ ਦੇ ਐਸ.ਡੀ.ਐਮ. ਹਿਤੇਸ਼ਵੀਰ ਗੁਪਤਾ ਨਾਲ ਮੌਕੇ 'ਤੇ ਹੋਈ ਮੁਲਾਕਾਤ ਵਿਚ ਚੋਣ ਡਿਊਟੀ ਤੋਂ ਛੋਟ ਦੇਣ ਦਾ ਵਾਅਦਾ ਯੂਨੀਅਨ ਵਫ਼ਦ ਨਾਲ ਕੀਤਾ ਗਿਆ ਤੇ ਐਸ.ਆਈ.ਆਰ. ਦੇ ਕੰਮ ਨਾਲ ਸਬੰਧਿਤ ਮੰਗਾਂ 'ਤੇ ਦੁਬਾਰਾ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ | ਸਮੂਹ ਬੀ.ਐਲ.ਓ. ਵੋਟਾਂ ਸਬੰਧੀ ਸਾਰਾ ਸਾਲ ਆਪਣੀਆਂ ਡਿਊਟੀ ਇਮਾਨਦਾਰੀ ਨਾਲ ਕਰਦੇ ਹਨ | ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵਲੋਂ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਚੋਣ ਡਿਊਟੀ ਲਗਾਈ ਹੈ, ਜੋ ਕਿ ਸਰਾਸਰ ਗ਼ਲਤ ਹੈ | ਜੇਕਰ 10 ਦਸੰਬਰ ਨੂੰ ਹੋ ਰਹੀ ਚੋਣ ਰਿਹਰਸਲ ਵਿਚ ਦੁਬਾਰਾ ਬੀ.ਐਲ.ਓ. ਦੀ ਡਿਊਟੀ ਆਈ ਤਾਂ ਸਾਰੇ ਜ਼ਿਲ੍ਹੇ ਦੇ ਸਮੂਹ ਬੀ.ਐਲ.ਓ. ਮੋਗਾ ਵਿਖੇ ਉਸੇ ਦਿਨ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਸਮੂਹਿਕ ਰੂਪ 'ਚ ਕਰਨਗੇ | ਇਸ ਸਮੇਂ ਜ਼ਿਲ੍ਹਾ ਮੋਗਾ ਦੇ 800 ਤੋਂ ਵੱਧ ਬੀ.ਐਲ.ਓ. ਹਾਜ਼ਰ ਸਨ |