ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ)-14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਗਿਣਤੀ 17 ਦਸੰਬਰ ਨੂੰ 11 ਵਜੇ ਦੇ ਕਰੀਬ ਅਰੰਭ ਹੋ ਗਈ ਸੀ ਤੇ ਦੇਰ ਸ਼ਾਮ ਤੱਕ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਤਿਕੋਣੇ ਮੁਕਾਬਲੇ ਚੱਲਦੇ ਰਹੇ | ਦੱਸ ਦੇਈਏ ਕਿ ਸਮੁੱਚੇ ਮੋਗਾ ਜ਼ਿਲ੍ਹੇ ਵਿਚ 5 ਸੰਮਤੀਆਂ ਬਣਾਈਆਂ ਗਈਆਂ ਹਨ | ਜਿਸ 'ਚ ਮੋਗਾ, ਨਿਹਾਲ ਸਿੰਘ ਵਾਲਾ, ਧਰਮਕੋਟ, ਕੋਟ ਈਸੇ ਖਾਂ ਤੇ ਬਾਘਾ ਪੁਰਾਣਾ ਸ਼ਾਮਿਲ ਸਨ | ਸਮੁੱਚੇ ਜ਼ਿਲ੍ਹੇ 'ਚ ਬਲਾਕ ਸੰਮਤੀਆਂ ਦੇ 333 ਉਮੀਦਵਾਰ ਵੱਖ-ਵੱਖ ਪਾਰਟੀਆਂ ਤੋਂ ਚੋਣ ਮੈਦਾਨ ਵਿਚ ਸਨ ਜਦੋਂ ਕਿ 69 ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਵਜੋਂ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜ ਰਹੇ ਸਨ | ਜੇਤੂ ਉਮੀਦਵਾਰਾਂ ਦੇ ਨਤੀਜੇ ਗਿਣਤੀ ਹੋਣ ਤੋਂ ਕੱੁਝ ਸਮਾਂ ਬਾਅਦ ਹੀ ਆਉਣੇ ਸ਼ੁਰੂ ਹੋ ਗਏ ਸਨ ਤੇ ਚੋਣ ਪ੍ਰਸ਼ਾਸਨ ਵਲੋਂ ਜੇਤੂ ਉਮੀਦਵਾਰਾਂ ਨੂੰ ਸ਼ਾਮ 5 ਵਜੇ ਸਰਟੀਫਿਕੇਟ ਦੇਣ ਲਈ ਬੁਲਾਇਆ ਗਿਆ ਸੀ ਪਰ ਦੇਰ ਸ਼ਾਮ ਤੱਕ ਸਮੁੱਚੇ ਮੋਗਾ ਜ਼ਿਲ੍ਹੇ ਦੀਆਂ 5 ਸੰਮਤੀਆਂ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਚੱਲਦੀ ਰਹੀ ਤੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਲੈਣ 'ਚ ਵੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ | ਮੋਗਾ ਤੋਂ ਮਿਲੇ ਨਤੀਜਿਆਂ ਅਨੁਸਾਰ ਬਲਾਕ ਸੰਮਤੀ ਜ਼ੋਨ ਦੌਲਤਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਦਰਸ਼ਨ ਸਿੰਘ ਢਿੱਲੋਂ 'ਆਪ' ਪਾਰਟੀ ਦੇ ਉਮੀਦਵਾਰ ਤੋਂ 34 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਬਲਾਕ ਸੰਮਤੀ ਖੋਸਾ ਪਾਂਡੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ 21 ਵੋਟਾਂ ਨਾਲ ਜੇਤੂ ਰਹੇ | ਬਲਾਕ ਸੰਮਤੀ ਜ਼ੋਨ ਸਲੀਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਜੇਤੂ ਰਹੇ | ਬਲਾਕ ਸੰਮਤੀ ਜ਼ੋਨ ਮਹੇਸ਼ਰੀ ਤੋਂ ਆਮ ਆਦਮੀ ਪਾਰਟੀ ਦੇ ਬੇਅੰਤ ਸਿੰਘ ਸੇਖੋਂ ਜੇਤੂ ਰਹੇ | ਬਲਾਕ ਸੰਮਤੀ ਜ਼ੋਨ ਧੱਲੇਕੇ ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ ਜੌਹਲ ਧੱਲੇਕੇ ਜੇਤੂ ਰਹੇ | ਬਲਾਕ ਸੰਮਤੀ ਜ਼ੋਨ ਡਗਰੂ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਡਗਰੂ ਚੋਣ ਜਿੱਤ ਗਏ | ਬਲਾਕ ਸੰਮਤੀ ਜ਼ੋਨ ਘੱਲ ਕਲਾਂ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ ਘੱਲ ਕਲਾਂ ਜੇਤੂ ਰਹੀ | ਬਲਾਕ ਸੰਮਤੀ ਜ਼ੋਨ ਡਰੋਲੀ ਭਾਈ ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਡਰੋਲੀ ਭਾਈ ਵੀ ਜੇਤੂ ਰਹੇ | ਬਲਾਕ ਸੰਮਤੀ ਜ਼ੋਨ ਝੰਡੇਆਣਾ ਗਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਨਵੀਰ ਸਿੰਘ ਖੋਸਾ ਜੇਤੂ ਰਹੇ | ਜ਼ਿਲ੍ਹਾ ਪ੍ਰੀਸ਼ਦ ਦੇ ਆਏ ਨਤੀਜਿਆਂ 'ਚ ਜ਼ੋਨ ਡਰੋਲੀ ਭਾਈ ਤੋਂ ਕਾਂਗਰਸੀ ਉਮੀਦਵਾਰ ਲਵਪ੍ਰੀਤ ਕੌਰ ਘੱਲ ਕਲਾਂ ਨੇ ਜਿੱਤ ਹਾਸਲ ਕੀਤੀ | ਚੋਣ ਅਮਲੇ ਵਲੋਂ ਦੇਰੀ ਨਾਲ ਸਰਟੀਫਿਕੇਟ ਦੇਣੇ ਤੇ ਸੱਤਾਧਾਰੀ ਆਗੂਆਂ ਦੇ ਅੰਦਰ ਦਾਖ਼ਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਇਹ ਖ਼ਦਸ਼ਾ ਜਿਤਾਇਆ ਕਿ ਆਮ ਆਦਮੀ ਪਾਰਟੀ ਆਪਣੀ ਸੱਤਾ ਦਾ ਦੁਰਉਪਯੋਗ ਕਰੇਗੀ | ਭਾਵੇਂ ਕਿ ਬਲਾਕ ਸੰਮਤੀ ਦੇ ਬਣਾਏ ਪੰਜ ਜ਼ੋਨਾਂ ਵਿਚ ਵਧੇਰੇ ਨਤੀਜੇ ਆ ਗਏ ਹਨ ਪਰ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਉਣ ਵਿਚ ਦੇਰੀ ਕਰਨੀ ਕਈ ਸੁਆਲ ਖੜ੍ਹੇ ਕਰਦੀ ਹੈ |