ਬਾਘਾ ਪੁਰਾਣਾ, 17 ਦਸੰਬਰ (ਟਿੰਕੂ ਕਾਠਪਾਲ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਗਿਣਤੀ ਅੱਜ ਸਵੇਰੇ ਬਾਘਾ ਪੁਰਾਣਾ ਵਿਖੇ ਸ਼ੁਰੂ ਹੋਈ, ਪਰ ਗਿਣਤੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਹੀ ਵਿਵਾਦ ਖੜ੍ਹਾ ਹੋ ਗਿਆ | ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਆਗੂ ਗਿਣਤੀ ਸਥਾਨ ਵਿਚ ਦਾਖ਼ਲ ਨਾ ਹੋਣ ਦੇ ਕਾਰਨ ਭਾਰੀ ਨਾਰਾਜ਼ ਦਿਸੇ | ਭਾਜਪਾ ਅਗਵਾਈ ਵਲੋਂ ਦਾਅਵਾ ਕੀਤਾ ਗਿਆ ਕਿ ਉਹ ਕੇਵਲ 10 ਮਿੰਟ ਦੀ ਦੇਰੀ ਨਾਲ ਗਿਣਤੀ ਸਥਾਨ 'ਤੇ ਪਹੁੰਚੇ ਸਨ, ਜਿਸ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਭਾਜਪਾ ਆਗੂ ਸੁਖਜਿੰਦਰ ਸਿੰਘ ਵਾਂਦਰ ਤੇ ਬਾਘਾ ਪੁਰਾਣਾ ਮੰਡਲ ਪ੍ਰਧਾਨ ਦੀਪਕ ਤਲਵਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੇ ਸਭ ਤੋਂ ਮਹੱਤਵਪੂਰਨ ਪੜ੍ਹਾਅ ਗਿਣਤੀ ਵਿਚ ਉਮੀਦਵਾਰਾਂ ਨੂੰ ਰੋਕਣਾ ਲੋਕਤੰਤਰ ਦੇ ਖ਼ਿਲਾਫ਼ ਸਿੱਧੀ ਕਾਰਵਾਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਭਾਜਪਾ ਆਗੂਆਂ ਨੂੰ ਬਹਾਨੇ ਬਣਾ ਕੇ ਦਾਖਲਾ ਨਹੀਂ ਦਿੱਤਾ, ਜੋ ਕਿ ਪੂਰੇ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਕਰਦਾ ਹੈ | ਡਾ. ਹਰਜੋਤ ਕਮਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਗਿਣਤੀ ਸਥਾਨ 'ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ''ਆਨਾ-ਕਾਨੀ'' ਕੀਤੀ ਗਈ ਤੇ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ | ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਐਸ.ਡੀ.ਐਮ. ਬਾਘਾ ਪੁਰਾਣਾ ਨਾਲ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਾਣਕਾਰੀ ਮੁਤਾਬਿਕ ਐਸ.ਡੀ.ਐਮ. ਨੇ ਫ਼ੋਨ ਨਹੀਂ ਚੁੱਕਿਆ | ਮੌਕੇ 'ਤੇ ਤਾਇਨਾਤ ਡੀ.ਐਸ.ਪੀ. ਦਲਵੀਰ ਸਿੱਧੂ ਨਾਲ ਵੀ ਗੱਲਬਾਤ ਕਰਨੀ ਚਾਹੀ, ਪਰ ਉਨ੍ਹਾਂ ਵਲੋਂ ਕੇਵਲ ਇਹ ਕਿਹਾ ਗਿਆ ਕਿ ਉਹ ਉੱਚ ਅਧਿਕਾਰੀਆਂ ਨਾਲ ਸਲਾਹ ਕਰਕੇ ਹੀ ਕੋਈ ਜਵਾਬ ਦੇ ਸਕਦੇ ਹਨ | ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਲੋਕਤੰਤਰ ਲਈ ਚਿੰਤਾਜਨਕ ਹੈ ਕਿਉਂਕਿ ਉਮੀਦਵਾਰ ਦਾ ਗਿਣਤੀ ਸਥਾਨ ਅੰਦਰ ਮੌਜੂਦ ਹੋਣਾ ਉਸ ਦਾ ਕਾਨੂੰਨੀ ਅਧਿਕਾਰ ਹੈ | ਭਾਜਪਾ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਨਾ ਕਿ ਕਿਸੇ ਪਾਰਟੀ ਨੂੰ ਪੱਖਪਾਤ ਵਾਲੀ ਕਾਰਵਾਈ ਨਾਲ ਨੁਕਸਾਨ ਪਹੁੰਚਾਉਣਾ | ਘਟਨਾ ਨਾਲ ਸਥਾਨਕ ਰਾਜਨੀਤਿਕ ਮਾਹੌਲ ਗਰਮਾਇਆ ਹੋਇਆ ਹੈ ਅਤੇ ਭਾਜਪਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਚੁੱਪਚਾਪ ਨਹੀਂ ਜਾਣ ਦੇਣਗੇ |