ਮੋਗਾ, 17 ਦਸੰਬਰ (ਸੁਰਿੰਦਰ ਸਿੰਘ)-ਸਮੁੱਚੀਆਂ ਜਥੇਬੰਦੀਆਂ ਦੇ ਆਗੂ ਡੀ.ਟੀ.ਐਫ. ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਬਲਜਿੰਦਰ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਪ੍ਰਗਟਜੀਤ ਸਿੰਘ ਕਿਸ਼ਨਪੁਰਾ ਸੂਬਾ ਪ੍ਰਧਾਨ ਬੀ.ਐਡ ਫ਼ਰੰਟ ਯੂਨੀਅਨ, ਹਰਜੰਟ ਸਿੰਘ ਬੋਡੇ ਸੂਬਾ ਜਨਰਲ ਸਕੱਤਰ ਅਧਿਆਪਕ ਦਲ, ਗੁਰਪ੍ਰੀਤ ਸਿੰਘ ਅੰਮੀਵਾਲਾ ਸੂਬਾ ਮੀਤ ਪ੍ਰਧਾਨ ਜੀ.ਟੀ.ਯੂ., ਸੁਰਿੰਦਰ ਸ਼ਰਮਾ ਐਲੀਮੈਂਟਰੀ ਟੀਚਰ ਯੂਨੀਅਨ ਤੇ ਹਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਬੀ.ਸੀ. ਟੀਚਰ ਯੂਨੀਅਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ 14 ਦਸੰਬਰ ਨੂੰ ਇਕ ਮੰਦਭਾਗੀ ਘਟਨਾ ਜਸਕਰਨ ਸਿੰਘ ਅੰਗਰੇਜ਼ੀ ਮਾਸਟਰ ਤੇ ਉਨ੍ਹਾਂ ਦੀ ਧਰਮ-ਪਤਨੀ ਕਮਲਜੀਤ ਕੌਰ ਡੀ.ਪੀ.ਈ. ਦੀ ਚੋਣ ਡਿਊਟੀ ਦੌਰਾਨ ਹੋਈ ਮੌਤ ਨੂੰ ਲੈ ਕੇ ਘਟੀ | ਉਸ ਦੇ ਵਿਰੋਧ 'ਚ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਮਿਤੀ 16 ਦਸੰਬਰ ਨੂੰ ਚੋਣ ਪ੍ਰਸ਼ਾਸਨ ਤੇ ਉਨ੍ਹਾਂ ਦੇ ਘਟੀਆ ਪ੍ਰਬੰਧ ਦੇ ਵਿਰੋਧ 'ਚ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ | ਇਸ ਲੜੀ ਤਹਿਤ ਜ਼ਿਲ੍ਹਾ ਮੋਗਾ ਵਿਖੇ ਵੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਸਮੁੱਚੀ ਜਥੇਬੰਦੀ ਦੇ ਆਗੂਆਂ ਦੀ ਅਗਵਾਈ 'ਚ ਦੁਰਘਟਨਾ 'ਚ ਆਪਣੀ ਜਾਨ ਗਵਾ ਚੁੱਕੇ ਅਧਿਆਪਕ ਜੋੜੇ ਦੇ ਇਨਸਾਫ਼ ਲਈ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਿਆ ਗਿਆ ਸੀ ਜਿਸ ਵਿਚ ਪੀੜਤ ਪਰਿਵਾਰ ਨੂੰ ਦੋ-ਦੋ ਕਰੋੜ ਦਾ ਮੁਆਵਜ਼ਾ, ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਤੇ ਬੱਚਿਆਂ ਵਾਸਤੇ ਸਰਕਾਰੀ ਨੌਕਰੀ ਰਾਖਵੀਂ ਰੱਖਣ ਦੀ ਮੰਗ ਕੀਤੀ ਗਈ ਸੀ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਦੇ ਪੱਤਰ ਅਨੁਸਾਰ ਇਸ ਦੇ ਪੂਰੇ ਮਾਮਲੇ ਦੇ ਹੱਲ ਲਈ ਜਥੇਬੰਦੀਆਂ ਦੇ ਆਗੂਆਂ ਨੂੰ 19 ਦਸੰਬਰ ਨੂੰ 3 ਵਜੇ ਮੀਟਿੰਗ ਕਰਨ ਦਾ ਲਿਖਤੀ ਸੱਦਾ ਦਿੱਤਾ ਹੈ | ਜਥੇਬੰਦੀਆਂ ਦੇ ਆਗੂਆਂ ਵਲੋਂ 19 ਦਸੰਬਰ ਨੂੰ ਡੀ.ਸੀ. ਮੋਗਾ ਨਾਲ ਮਿਲ ਕੇ ਜ਼ੋਰਦਾਰ ਢੰਗ ਨਾਲ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਉਨ੍ਹਾਂ ਦੀਆਂ ਮੰਗਾਂ ਨੂੰ ਉਠਾਇਆ ਜਾਵੇਗਾ |