ਮੋਗਾ, 19 ਦਸੰਬਰ (ਸੁਰਿੰਦਰਪਾਲ ਸਿੰਘ)-ਪਿਛਲੇ ਦਿਨੀਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜਾਨ ਗਵਾਉਣ ਵਾਲੇ ਅਧਿਆਪਕ ਪਤੀ-ਪਤਨੀ ਜਸਕਰਨ ਸਿੰਘ ਭੁੱਲਰ ਤੇ ਕਮਲਜੀਤ ਕੌਰ ਦੇ ਬੱਚਿਆਂ ਨੂੰ ਆਰਥਿਕ ਮੁਆਵਜ਼ਾ ਦਿਵਾਉਣ ਤੇ ਦੋਵਾਂ ਬੱਚਿਆਂ ਦੀ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਨ ਲਈ ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਇਕ ਸਾਂਝਾ ਵਫ਼ਦ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਦਿਗਵਿਜੇਪਾਲ ਸ਼ਰਮਾ, ਬਲਜਿੰਦਰ ਸਿੰਘ ਧਾਲੀਵਾਲ, ਹਰਜੰਟ ਸਿੰਘ ਬੋਡੇ, ਸੁਰਿੰਦਰ ਸ਼ਰਮਾ, ਗੁਰਪ੍ਰੀਤ ਅਮੀਵਾਲ, ਹਰਵਿੰਦਰ ਸਿੰਘ ਮਾਰਸ਼ਲ, ਸੁਖਪਾਲਜੀਤ ਸਿੰਘ ਦੀ ਅਗਵਾਈ ਵਿਚ ਡੀ.ਸੀ. ਮੋਗਾ ਸਾਗਰ ਸੇਤੀਆ ਨੂੰ ਮਿਲਿਆ | ਆਗੂਆਂ ਨੇ ਦੱਸਿਆ ਕਿ ਅਧਿਆਪਕ ਆਗੂਆਂ ਦੀ ਡੀ.ਸੀ. ਮੋਗਾ ਨਾਲ ਗੱਲਬਾਤ ਬਹੁਤ ਸਕਾਰਾਤਮਿਕ ਰਹੀ | ਉਨ੍ਹਾਂ ਕਿਹਾ ਕਿ ਡੀ.ਸੀ. ਮੋਗਾ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਇਨ੍ਹਾਂ ਦੋਨਾਂ ਅਧਿਆਪਕ ਪਤੀ-ਪਤਨੀ ਦੀ ਮੌਤ ਦਾ ਬਹੁਤ ਅਫ਼ਸੋਸ ਹੈ ਅਤੇ ਸਰਕਾਰ ਇਸ ਅਧਿਆਪਕ ਜੋੜੇ ਦੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖ਼ਰਚਾ ਚੁੱਕਣ ਲਈ ਤੇ ਪੜ੍ਹਾਈ ਤੋਂ ਬਾਅਦ ਇਨ੍ਹਾਂ ਦੋਵਾਂ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਲਈ ਤਿਆਰ ਹੈ | ਆਗੂਆਂ ਨੇ ਕਿਹਾ ਕਿ ਡੀ.ਸੀ. ਮੋਗਾ ਨੇ ਮੁੱਖ ਮੰਤਰੀ ਦਫ਼ਤਰ ਨਾਲ ਇਨ੍ਹਾਂ ਦੋਵਾਂ ਬੱਚਿਆਂ ਦੀ ਆਰਥਿਕ ਮਦਦ ਤੇ ਸਰਕਾਰੀ ਨੌਕਰੀ ਲਈ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੈ ਤੇ ਸਰਕਾਰ ਦੋਵਾਂ ਬੱਚਿਆਂ ਦੀ ਪੜ੍ਹਾਈ ਅਤੇ ਸਰਕਾਰੀ ਨੌਕਰੀ ਦੇਣ ਲਈ ਲਿਖਤੀ ਰੂਪ ਵਿਚ ਤਿਆਰ ਹੈ ਤੇ ਆਰਥਿਕ ਮਦਦ ਬਾਰੇ ਅਜੇ ਉਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਪਰਿਵਾਰ ਨੂੰ ਆਰਥਿਕ ਮਦਦ ਖ਼ੁਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਨ੍ਹਾਂ ਦੇ ਘਰ ਆ ਕੇ ਪਰਿਵਾਰ ਨੂੰ ਦੇ ਕੇ ਜਾਣਗੇ |