ਕਿਸ਼ਨਪੁਰਾ ਕਲਾਂ, 20 ਦਸੰਬਰ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਖ਼ੁਰਦ ਦੀ ਗਰਾਮ ਪੰਚਾਇਤ ਵਲੋਂ ਪਿੰਡ ਵਿਚ ਗੰਦੇ ਪਾਣੀ ਵਾਲੇ ਨਾਲਿਆਂ ਦੀ ਸਫ਼ਾਈ ਕਰਵਾਈ ਗਈ, ਜਿਸ ਨਾਲ ਪਿੰਡ ਵਾਸੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ | ਇਹ ਸਫ਼ਾਈ ਮੁਹਿੰਮ ਸਰਪੰਚ ਇੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਚਲਾਈ ਗਈ, ਜਿਸ ਵਿਚ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੁਹਤਬਰ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਸਰਪੰਚ ਇੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦੇ ਕਈ ਹਿੱਸਿਆਂ ਵਿਚ ਪੌਲੀਥੀਨ ਦੇ ਲਿਫ਼ਾਫ਼ੇ ਤੇ ਹੋਰ ਗੰਦਗੀ ਨਾਲੀਆਂ ਫਸ ਜਾਣ ਕਾਰਨ ਗੰਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ ਵਿਚ ਫੈਲ ਜਾਂਦਾ ਸੀ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਸੀ | ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਗਰਾਮ ਪੰਚਾਇਤ ਨੇ ਤੁਰੰਤ ਕਦਮ ਚੁੱਕਦੇ ਹੋਏ ਨਾਲਿਆਂ ਦੀ ਮੁਕੰਮਲ ਸਫ਼ਾਈ ਕਰਵਾਈ ਗਈ | ਸਰਪੰਚ ਇੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਗਰਾਮ ਪੰਚਾਇਤ ਪਿੰਡ ਦੇ ਵਿਕਾਸ ਅਤੇ ਸਫ਼ਾਈ ਪ੍ਰਤੀ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਹੋਰ ਉਪਰਾਲੇ ਕੀਤੇ ਜਾਣਗੇ, ਜਿਸ ਨਾਲ ਵਾਤਾਵਰਨ ਸਾਫ਼-ਸੁਥਰਾ ਰੱਖਿਆ ਜਾ ਸਕੇ | ਪਿੰਡ ਵਾਸੀਆਂ ਨੇ ਗਰਾਮ ਪੰਚਾਇਤ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ | ਇਸ ਮੌਕੇ ਸਰਪੰਚ ਇੰਦਰਪਾਲ ਸਿੰਘ ਸਿੱਧੂ, ਪੰਚ ਬਲਵੰਤ ਸਿੰਘ ਬਾਬੂ ਭਿੰਡਰ, ਪੰਚ ਰਣਜੀਤ ਸਿੰਘ ਬਿੱਟੂ, ਪੰਚ ਸਤਨਾਮ ਸਿੰਘ, ਪੰਚ ਲਖਵੀਰ ਸਿੰਘ, ਪੰਚ ਦਵਿੰਦਰ ਸਿੰਘ ਲੱਕੀ, ਪੰਚ ਮੰਦਰ ਸਿੰਘ ਕਾਕਾ, ਪੰਚ ਭੋਲਾ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਸੁਖਦੇਵ ਸਿੰਘ ਆਦਿ ਹਾਜ਼ਰ ਸਨ |