ਕਿਸ਼ਨਪੁਰਾ ਕਲਾਂ, 21 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਪੁਲਿਸ ਚੌਂਕੀ ਇੰਚਾਰਜ ਏ.ਐਸ.ਆਈ. ਗੁਰਬਿੰਦਰ ਸਿੰਘ ਪਹਿਲਵਾਨ ਵਲੋਂ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ, ਲੋਕਾਂ ਨਾਲ ਮਿਲਾਪੜੇ ਸੁਭਾਅ ਤੇ ਕੰਮ ਕਾਰ ਕਰਵਾਉਣ ਲਈ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ, ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਅਮਰੀਕਾ ਦੇ ਪੁੱਤਰ ਤੇ ਸਾਬਕਾ ਬਲਾਕ ਸੰਮਤੀ ਮੈਂਬਰ, ਉੱਘੇ ਸਮਾਜ ਸੇਵੀ ਦੇ ਵੱਡੇ ਭਰਾ ਪ੍ਰਧਾਨ ਜਸਵੀਰ ਸਿੰਘ ਸ਼ਾਹ ਤੇ ਵਾਰਡ ਨੰਬਰ ਅੱਠ ਤੋਂ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਔਲਖ ਵਲੋਂ ਕੀਤਾ ਗਿਆ | ਇਸ ਮੌਕੇ ਏ.ਐਸ.ਆਈ. ਗੁਰਬਿੰਦਰ ਸਿੰਘ ਪਹਿਲਵਾਨ ਨੂੰ ਯਾਦਗਾਰੀ ਚਿੰਨ੍ਹ ਅਤੇ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਧਾਨ ਜਸਵੀਰ ਸਿੰਘ ਸ਼ਾਹ ਅਤੇ ਪੰਚ ਜਸਵਿੰਦਰ ਸਿੰਘ ਔਲਖ ਨੇ ਕਿਹਾ ਕਿ ਜਦੋਂ ਤੋਂ ਏ.ਐਸ.ਆਈ. ਗੁਰਬਿੰਦਰ ਸਿੰਘ ਪਹਿਲਵਾਨ ਨੇ ਪੁਲਿਸ ਚੌਂਕੀ ਕਿਸ਼ਨਪੁਰਾ ਕਲਾਂ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਸ ਦਿਨ ਤੋਂ ਹੀ ਉਹ ਹਰ ਛੋਟੇ-ਵੱਡੇ ਮਸਲੇ ਨੂੰ ਬੜੀ ਸਿਆਣਪ ਅਤੇ ਹਰ ਇਕ ਦੇ ਦੁੱਖ ਸੁੱਖ ਵਿਚ ਨਾਲ ਸਹਿਯੋਗ ਕਰਕੇ ਮਸਲੇ ਨੂੰ ਸੁਲਝਾਉਂਦੇ ਹਨ | ਉਹ ਆਮ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਸਮੱਸਿਆਵਾਂ ਦਾ ਤੁਰੰਤ ਹੱਲ ਕੱਢਦੇ ਹਨ, ਜਿਸ ਕਾਰਨ ਉਹ ਹਰ ਵਰਗ ਵਿਚ ਆਦਰਯੋਗ ਬਣੇ ਹੋਏ ਹਨ | ਪ੍ਰਧਾਨ ਸਾਹ, ਪੰਚ ਜਸਵਿੰਦਰ ਸਿੰਘ ਔਲਖ ਨੇ ਕਿਹਾ ਕਿ ਏ.ਐਸ.ਆਈ. ਗੁਰਬਿੰਦਰ ਸਿੰਘ ਪਹਿਲਵਾਨ ਦਾ ਮਿਲਣਸਾਰ ਅਤੇ ਸਾਫ਼-ਸੁਥਰਾ ਸੁਭਾਅ ਪੁਲਿਸ ਤੇ ਜਨਤਾ ਦਰਮਿਆਨ ਭਰੋਸੇ ਦੀ ਮਜ਼ਬੂਤ ਕੜੀ ਸਾਬਤ ਹੋ ਰਿਹਾ ਹੈ, ਜੋ ਸਮਾਜ ਲਈ ਬਹੁਤ ਹੀ ਸ਼ਲਾਘਾਯੋਗ ਹੈ | ਸਨਮਾਨ ਸਮਾਗਮ ਦੌਰਾਨ ਮੁਨਸ਼ੀ ਕੁਲਵੰਤ ਸਿੰਘ, ਪ੍ਰਧਾਨ ਇਕਬਾਲ ਸਿੰਘ ਘਾਲਾ, ਡਾਕਟਰ ਗੁਰਪ੍ਰੀਤ ਸਿੰਘ ਢਿੱਲੋਂ ਆਦਿ ਸਮੇਤ ਨੇ ਏ.ਐਸ.ਆਈ. ਗੁਰਬਿੰਦਰ ਸਿੰਘ ਪਹਿਲਵਾਨ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ |