ਬਾਘਾ ਪੁਰਾਣਾ, 22 ਦਸੰਬਰ (ਟਿੰਕੂ ਕਾਠਪਾਲ)-ਸਥਾਨਕ ਹਲਕੇ ਵਿਚ ਅੱਜ ਉਸ ਸਮੇਂ ਸਿਆਸੀ ਤਣਾਅ ਵੱਧ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਦੇ ਕਹਿਣ 'ਤੇ ਬਾਘਾ ਪੁਰਾਣਾ ਪੁਲਿਸ ਵਲੋਂ ਅਕਾਲੀ ਆਗੂ ਸੁਮੀਤਪਾਲ ਸਿੰਘ ਭਾਟੀਆਂ ਨੂੰ ਘਰੋਂ ਚੁੱਕ ਕੇ ਥਾਣੇ ਲਿਜਾਣ ਦੇ ਮਾਮਲੇ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ | ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ ਅਤੇ ਜਸਪ੍ਰੀਤ ਸਿੰਘ ਮਾਹਲਾ ਸਮੇਤ ਆਪਣੀ ਟੀਮ ਥਾਣੇ ਬਾਘਾ ਪੁਰਾਣਾ ਪੁੱਜੇ ਅਤੇ ਪੁਲਿਸ ਅਧਿਕਾਰੀਆਂ ਨਾਲ ਇਸ ਸਬੰਧ ਵਿਚ ਸਵਾਲ-ਜਵਾਬ ਕੀਤੇ | ਪਰ ਅਕਾਲੀ ਆਗੂ ਦੇ ਚੁੱਕੇ ਜਾਣ ਦੇ ਮੱਦੇਨਜ਼ਰ ਪੁਲਿਸ ਵਲੋਂ ਕੋਈ ਸਪਸ਼ਟ ਜਵਾਬ ਨਾ ਦਿੱਤਾ ਗਿਆ, ਜਿਸ ਕਰ ਕੇ ਪੁਲਿਸ ਨੇ ਕੁਝ ਸਮੇਂ ਬਾਅਦ ਸੁਮੀਤਪਾਲ ਸਿੰਘ ਭਾਟੀਆਂ ਨੂੰ ਰਿਹਾਅ ਕਰ ਦਿੱਤਾ | ਇਸ ਮਾਮਲੇ ਨੂੰ ਲੈ ਕੇ ਅੱਜ ਦੋਨੋਂ ਪਾਰਟੀਆਂ ਆਪ ਆਗੂ ਅਤੇ ਅਕਾਲੀ ਆਗੂ ਨੂੰ ਥਾਣਾ ਬਾਘਾ ਪੁਰਾਣਾ ਵਿਚ ਬੁਲਾਇਆ ਗਿਆ ਸੀ | ਪਰ ਜਥੇਦਾਰ ਤੀਰਥ ਸਿੰਘ ਮਾਹਲਾ ਸੁਮੀਤਪਾਲ ਸਿੰਘ ਭਾਟੀਆਂ ਨੂੰ ਆਪਣੇ ਵਾਅਦੇ ਮੁਤਾਬਿਕ ਪੇਸ਼ ਕਰਨ ਦੇ ਲਈ ਨਾਲ ਲੈ ਕੇ ਸਮੇਂ ਸਿਰ ਥਾਣੇ ਪਹੁੰਚ ਗਏ, ਜਦ ਕਿ ਦੂਜੀ ਪਾਰਟੀ ਪੁਲਿਸ ਦੇ ਬੁਲਾਵੇ ਦੇ ਬਾਵਜੂਦ ਵੀ ਹਾਜ਼ਰ ਨਾ ਹੋਈ | ਇੱਥੇ ਇਹ ਵੀ ਸਾਹਮਣੇ ਆਇਆ ਕਿ ਥਾਣਾ ਮੁਖੀ ਮੌਕੇ 'ਤੇ ਮੌਜੂਦ ਨਾ ਹੋਣ ਕਰਕੇ ਅਕਾਲੀ ਆਗੂਆਂ ਨੇ ਡੀ.ਐਸ.ਪੀ. ਬਾਘਾ ਪੁਰਾਣਾ ਦਲਵੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਅਕਾਲੀ ਆਗੂ ਸੁਮੀਤਪਾਲ ਸਿੰਘ ਭਾਟੀਆਂ ਵਲੋਂ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਡੀ.ਐਸ.ਪੀ. ਬਾਘਾ ਪੁਰਾਣਾ ਨੂੰ ਇਕ ਲਿਖਤੀ ਦਰਖ਼ਾਸਤ ਸੌਂਪੀ ਗਈ, ਜਿਸ ਵਿਚ ਉਸ ਨੇ ਆਪ ਆਗੂ 'ਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ | ਸ਼ਿਕਾਇਤ ਪੱਤਰ ਵਿਚ ਭਾਟੀਆਂ ਨੇ ਦਾਅਵਾ ਕੀਤਾ ਕਿ ਆਪ ਆਗੂ ਨੇ ਪਹਿਲਾਂ ਵੀ ਮੰਡੀ ਗੇਟ 'ਤੇ ਉਸ ਨੂੰ ਰੋਕ ਕੇ ਧਮਕੀ ਦਿੱਤੀ ਸੀ ਭਾਟੀਆਂ ਨੇ ਇਹ ਵੀ ਲਿਖਿਆ ਕਿ ਉਸ ਨੂੰ ਆਪ ਆਗੂ ਤੋਂ ਜਾਨ ਮਾਲ ਦਾ ਖ਼ਤਰਾ ਹੈ ਅਤੇ ਕਿਸੇ ਵੀ ਸਮੇਂ ਉਸ ਨਾਲ ਕੋਈ ਸਾਜ਼ਿਸ਼ ਹੋ ਸਕਦੀ ਹੈ | ਉਸ ਨੇ ਸਾਫ਼ ਕਿਹਾ ਕਿ ਭਵਿੱਖ ਵਿਚ ਉਸ ਨਾਲ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਉਕਤ ਆਪ ਆਗੂ ਹੋਵੇਗਾ | ਡੀ.ਐਸ.ਪੀ. ਬਾਘਾ ਪੁਰਾਣਾ ਦਲਵੀਰ ਸਿੰਘ ਸਿੱਧੂ ਨੇ ਜਥੇਦਾਰ ਤੀਰਥ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ ਅਤੇ ਸੁਮੀਤਪਾਲ ਸਿੰਘ ਭਾਟੀਆਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਇਮਾਨਦਾਰੀ ਨਾਲ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਅਨੁਸਾਰ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ | ਇਸ ਮੌਕੇ ਹੋਰਨਾਂ ਪਾਰਟੀ ਆਗੂਆਂ ਵਿਚ ਐਡਵੋਕੇਟ ਹਰਜੀਤ ਸਿੰਘ, ਸ਼ਹਿਰੀ ਪ੍ਰਧਾਨ ਪਵਨ ਢੰਡ, ਪ੍ਰਧਾਨ ਰਾਮ ਬਾਂਸਲ ਯੂਥ ਅਕਾਲੀ ਦਲ, ਵਿੱਕੀ ਫੂਲੇ ਵਾਲੀਆ, ਹਰਿੰਦਰਪਾਲ ਸਿੰਘ, ਪਾਲੀ ਪ੍ਰਧਾਨ, ਪ੍ਰੀਤਮ ਸਿੰਘ ਬੋੜ ਬਾਬਾ, ਤੰਨੂ ਗੋਇਲ, ਜਗਸੀਰ ਸਿੰਘ ਸੀਰੂ, ਜਗਸੀਰ ਸਿੰਘ ਬਰਾੜ, ਆਸ਼ੂ ਅਰੋੜਾ, ਮਾਤਾਦੀਨ, ਮਨਜੀਤ, ਮਦਨ, ਸੰਤ ਰਾਮ ਭੰਡਾਰੀ, ਮਨੋਜ ਗੋਇਲ ਰਕੇਸ਼ ਜਿੰਦਲ ਤੋਤਾ, ਰਣਜੀਤ ਸਿੰਘ ਝੀਤੇ ਉਪ ਪ੍ਰਧਾਨ ਸ਼ਹਿਰੀ, ਸਤਨਾਮ ਸਿੰਘ ਧੱਤੂ ਚੀਮਾ, ਚੇਅਰਮੈਨ ਬਚਿੱਤਰ ਸਿੰਘ ਕਾਲੇਕੇ ਅਤੇ ਹੋਰ ਪਾਰਟੀ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |