ਕਿਸ਼ਨਪੁਰਾ ਕਲਾਂ, 22 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਚ ਸਵੇਰੇ ਅਤੇ ਸ਼ਾਮ ਦੇ ਸਮੇਂ ਲੱਗ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਆਮ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਸਵੇਰ ਅਤੇ ਸ਼ਾਮ ਉਹ ਸਮੇਂ ਹੁੰਦੇ ਹਨ ਜਦੋਂ ਬਿਜਲੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਪਰ ਇਨ੍ਹਾਂ ਹੀ ਸਮਿਆਂ ਦੌਰਾਨ ਬਿਜਲੀ ਗੁੱਲ ਹੋ ਜਾਣ ਨਾਲ ਲੋਕਾਂ ਦੇ ਰੋਜ਼ਾਨਾ ਕੰਮਕਾਜ ਠੱਪ ਹੋ ਕੇ ਰਹਿ ਜਾਂਦੇ ਹਨ | ਸਵੇਰੇ ਵੇਲੇ ਲੋਕਾਂ ਨੂੰ ਦਫ਼ਤਰਾਂ, ਕਾਰੋਬਾਰਾਂ ਅਤੇ ਖੇਤਾਂ ਵੱਲ ਜਾਣਾ ਹੁੰਦਾ ਹੈ, ਜਦ ਕਿ ਬੱਚਿਆਂ ਨੇ ਸਕੂਲ ਜਾਣ ਲਈ ਤਿਆਰੀ ਕਰਨੀ ਹੁੰਦੀ ਹੈ | ਇਸ ਦੌਰਾਨ ਕੱਪੜੇ ਪੈੱ੍ਰਸ ਕਰਨ, ਪਾਣੀ ਭਰਨ ਅਤੇ ਹੋਰ ਘਰੇਲੂ ਕੰਮ ਬਿਜਲੀ ਬਿਨਾਂ ਅਸੰਭਵ ਬਣ ਜਾਂਦੇ ਹਨ | ਇਸੇ ਤਰ੍ਹਾਂ ਸ਼ਾਮ ਦੇ ਸਮੇਂ, ਜਦੋਂ ਰੋਟੀ ਟੁੱਕ ਦਾ ਸਮਾਂ ਹੁੰਦਾ ਹੈ, ਉਸ ਵੇਲੇ ਵੀ ਲਗਭਗ ਇਕ ਘੰਟੇ ਲਈ ਬਿਜਲੀ ਗੁੱਲ ਰਹਿਣ ਕਾਰਨ ਘਰੇਲੂ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਪਿੰਡ ਦੇ ਵਸਨੀਕਾਂ ਨੇ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਵੇਰੇ ਅਤੇ ਸ਼ਾਮ ਦੇ ਸਮਿਆਂ ਦੌਰਾਨ ਬਿਜਲੀ ਕੱਟਾਂ ਤੋਂ ਰਾਹਤ ਦਿੱਤੀ ਜਾਵੇ, ਤਾਂ ਜੋ ਆਮ ਲੋਕ ਸੁਚੱਜੇ ਢੰਗ ਨਾਲ ਆਪਣਾ ਰੋਜ਼ਾਨਾ ਜੀਵਨ ਬਿਤਾ ਸਕਣ |