ਮੋਗਾ, 22 ਦਸੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਦੇ ਵੈਟਨਰੀ ਅਫ਼ਸਰਾਂ ਦੇ ਜ਼ਿਲ੍ਹਾ ਪ੍ਰਧਾਨ ਡਾ. ਬਰਿੰਦਰਪਾਲ ਸਿੰਘ, ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵੈਟਨਰੀ ਅਫ਼ਸਰਾਂ ਨੇ ਆਪਣੀਆਂ ਜਾਇਜ਼ ਮੰਗਾਂ ਮੈਡੀਕਲ ਅਫ਼ਸਰਾਂ ਦੇ ਨਾਲ ਪੇਅ-ਪੈਰਿਟੀ, ਡਾਇਨੈਮਿਕ ਅਸਰਡ ਕੈਰੀਅਰ ਪ੍ਰੋਗਰੇਸ਼ਨ ਯੋਜਨਾ, ਐਚ.ਆਰ.ਏ. ਆਨ ਐਨ.ਪੀ.ਏ.. ਫੁਲ ਪੇਅ ਇਨ ਪ੍ਰੋਬੇਸ਼ਨ ਪ੍ਰਤੀ ਸਰਕਾਰ ਦੀ ਟਾਲ ਮਟੋਲ ਨੀਤੀ ਤੋਂ ਖ਼ਫ਼ਾ ਹੋ ਕੇ ਮਿਤੀ : 23 ਦਸੰਬਰ 2025 ਅਤੇ 24 ਦਸੰਬਰ 2025 ਨੂੰ ਸੂਬੇ ਭਰ ਵਿਚ ਸਾਰੀਆਂ ਵੈਟਨਰੀ ਸੇਵਾਵਾਂ ਠੱਪ ਰੱਖਣ ਦਾ ਐਲਾਨ ਕੀਤਾ ਹੈ | ਇਹ ਫ਼ੈਸਲਾ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਸਟ ਫ਼ਾਰ ਪੇਅ-ਪੈਰਿਟੀ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਸਰਬ-ਸੰਮਤੀ ਨਾਲ ਲਿਆ ਗਿਆ ਹੈ | ਇਸ ਲਈ ਜ਼ਿਲ੍ਹਾ ਮੋਗਾ ਦੇ ਵੈਟਨਰੀ ਅਫ਼ਸਰਾਂ ਦੇ ਜ਼ਿਲ੍ਹਾ ਪ੍ਰਧਾਨ ਡਾ. ਬਰਿੰਦਰਪਾਲ ਸਿੰਘ, ਡਾ. ਵਿਨੈ ਅਰੋੜਾ ਜਨਰਲ ਸਕੱਤਰ ਪੰਜਾਬ ਸਟੇਟ ਵੈਟਨਰੀ ਅਫ਼ਸਰ ਐਸੋਸੀਏਸ਼ਨ, ਡਾ. ਮਨਦੀਪ ਸਿੰਘ ਮੈਂਬਰ, ਪੰਜਾਬ ਸਟੇਟ ਵੈਟਨਰੀ ਅਫ਼ਸਰ ਐਸੋਸੀਏਸ਼ਨ, ਕੁਆਰਡੀਨੇਟਰ, ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫ਼ਾਰ ਪੇਅ-ਪੈਰਿਟੀ, ਡਾ. ਵਿਨੋਦ ਕੁਮਾਰ ਸ਼ੁਕਲਾ, ਡਾ. ਵਿਸ਼ਵਦੀਪ ਸਿੰਘ, ਡਾ. ਸ਼ਿਵਦੀਪ ਅਤੇ ਵੈਟਨਰੀ ਅਫ਼ਸਰਾਂ ਵਲੋਂ ਡਾ. ਹਿਮਾਂਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਨੂੰ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ ਮਿਤੀ : 23 ਦਸੰਬਰ 2025 ਅਤੇ 24 ਦਸੰਬਰ 2025 ਨੂੰ ਵੈਟਨਰੀ ਪੋਲੀਕਲੀਨਿਕ ਗਿੱਲ (ਮੋਗਾ) ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਪੂਰੇ ਜ਼ਿਲੇ੍ਹ ਵਿਚ ਵੈਟਨਰੀ ਅਫ਼ਸਰਾਂ ਵਲੋਂ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ |