ਮੋਗਾ, 22 ਦਸੰਬਰ (ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦੀ ਯਾਦ ਵਿਚ ਕਲੇਰ ਕੰਪਲੈਕਸ ਜ਼ੀਰਾ ਰੋਡ ਵਲੋਂ ਸਰਬੱਤ ਦੇ ਭਲੇ ਲਈ ਕੇਸਰ ਦੁੱਧ ਦਾ ਲੰਗਰ ਲਗਾਇਆ ਗਿਆ | ਸਭ ਤੋਂ ਪਹਿਲਾਂ ਕਲੇਰ ਕੰਪਲੈਕਸ ਦੇ ਐਮ.ਡੀ. ਪਾਲ ਸਿੰਘ ਕਲੇਰ, ਗੁਰਸੇਵਕ ਸਿੰਘ, ਮਨਦੀਪ ਸਿੰਘ ਮਨੀ, ਮਨਿੰਦਰ ਸਿੰਘ, ਅਨਮੋਲ ਬਰਾੜ, ਸਿਮਰ ਸੰਧੂ, ਜਤਿੰਦਰ ਸੰਧੂ, ਸੰਨੀ ਲੋਟਾ, ਵਿਕਾਸ ਮਿੱਤਲ ਸੀ.ਏ., ਅਰੁਣ, ਮੈਡਮ ਜਸਪਾਲ ਕੌਰ, ਗੁਰਪ੍ਰੀਤ ਮੈਡਮ, ਸੀਰਾ, ਕਿਰਸਟੀ ਅਤੇ ਹੋਰ ਦੁਕਾਨਦਾਰਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕੇਸਰ ਦੁੱਧ ਦਾ ਲੰਗਰ ਛਕਾਇਆ ਗਿਆ | ਇਸ ਮੌਕੇ ਪਾਲ ਸਿੰਘ ਕਲੇਰ, ਗੁਰਸੇਵਕ ਸਿੰਘ ਅਤੇ ਮਨਦੀਪ ਸਿੰਘ ਮਨੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਕਿਸੇ ਵੀ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰਦੇ ਹੋਏ ਆਪਣੇ ਧਰਮ ਅਤੇ ਵਿਸ਼ਵਾਸ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ ਜਿਨ੍ਹਾਂ ਨੇ ਆਪਣੇ ਧਰਮ ਅਤੇ ਵਿਸ਼ਵਾਸ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ | ਸਿੱਖ ਇਤਿਹਾਸ ਵਿਚ ਉਨ੍ਹਾਂ ਦੀ ਸ਼ਹਾਦਤ ਬਹੁਤ ਮਹੱਤਵ ਰੱਖਦੀ ਹੈ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਚਮਕੌਰ ਦੀ ਲੜਾਈ ਵਿਚ ਵੀ ਸ਼ਹਾਦਤ ਪ੍ਰਾਪਤ ਕੀਤੀ | ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਸਰਹਿੰਦ ਦੇ ਨਵਾਬ ਨੇ ਵੀ ਨੀਂਹਾਂ ਵਿਚ ਚਿਣਵਾ ਦਿੱਤਾ ਸੀ | ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਇਕ ਮਹੱਤਵਪੂਰਨ ਅਤੇ ਭਾਵਨਾਤਮਿਕ ਅਧਿਆਇ ਹੈ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਧਰਮ ਅਤੇ ਵਿਸ਼ਵਾਸ ਲਈ ਲੜਨ ਲਈ ਪ੍ਰੇਰਿਤ ਕਰਦੀ ਹੈ | ਉਨ੍ਹਾਂ ਕਿਹਾ ਕਿ ਹਰ ਸਾਲ ਕੰਪਲੈਕਸ ਦੇ ਦੁਕਾਨਦਾਰਾਂ ਵਲੋਂ ਲੰਗਰ ਦੇ ਨਾਲ-ਨਾਲ ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਜੋ ਅੱਗੇ ਵੀ ਨਿਰੰਤਰ ਜਾਰੀ ਰਹੇਗਾ |