ਅਜੀਤਵਾਲ, 22 ਦਸੰਬਰ (ਹਰਦੇਵ ਸਿੰਘ ਮਾਨ)-ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 20ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸੰਤਾਂ-ਮਹਾਂਪੁਰਸ਼ਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਹਰਵਿੰਦਰ ਸਿੰਘ ਖ਼ਾਲਸਾ ਦੇ ਪ੍ਰਬੰਧਾਂ ਹੇਠ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਤੋਂ ਸਜਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਸੰਤ ਬਾਬਾ ਪਵਨਦੀਪ ਸਿੰਘ ਜੀ ਕੜਿਆਲ, ਸੰਤ ਬਾਬਾ ਗੁਰਪ੍ਰੀਤ ਸਿੰਘ ਕੱਚੀ ਸਰਾਂ, ਬਾਬਾ ਭੋਲਾ ਸਿੰਘ ਬੱਡੂਵਾਲ, ਸੰਤ ਰਜਨੀਸ਼ ਸਿੰਘ ਨੱਥੂਮਾਜਰਾ, ਸੰਤ ਬਾਬਾ ਬਲਵੀਰ ਦਾਸ ਗਊਸ਼ਾਲਾ ਵਾਲੇ, ਭਾਈ ਗੁਰਮੇਲ ਸਿੰਘ ਕਿਸ਼ਨਪੁਰਾ, ਭਾਈ ਹਰਿਮੰਦਰ ਸਿੰਘ ਬੁੱਟਰ ਸਮੇਤ, ਵਿਧਾਇਕ ਦਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਸੀਨ.ਆਗੂ ਰਜਿੰਦਰ ਸਿੰਘ ਡੱਲਾ, ਚੇਅਰਮੈਨ ਮਨਪ੍ਰੀਤ ਸਿੰਘ ਜਲਾਲਾਬਾਦ, ਡਾ. ਕਰਮਜੀਤ ਸਿੰਘ ਫ਼ਰੀਦਕੋਟ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਅਸਥਾਨ ਤੋਂ ਅਰਦਾਸ ਬੇਨਤੀ ਉਪਰੰਤ ਸਤਿਨਾਮ ਵਾਹਿਗੁਰੂ ਦੇ ਜਾਪ ਅਤੇ ਗੁਰਬਾਣੀ ਰਸ ਨਾਲ ਮਹਿਕਾਂ ਖਿਲਾਰਦੇ ਨਗਰ ਕੀਰਤਨ ਦਾ ਇਲਾਕੇ ਦੇ ਪਿੰਡਾਂ ਰੌਲੀ, ਚੁਗਾਵਾਂ, ਕਪੂਰੇ, ਦਾਤਾ, ਫ਼ਤਿਹਗੜ੍ਹ ਕੋਰੋਟਾਣਾ, ਤਤਾਰੀਏ ਵਾਲਾ, ਤਲਵੰਡੀ ਭੰਗੇਰੀਆਂ ਵਿਚ ਸੰਗਤਾਂ ਵਲੋਂ ਸਵਾਗਤੀ ਗੇਟ ਬਣਾ ਕੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ | ਨਗਰ ਭਿੰਡਰ ਕਲਾਂ ਦੀ ਸੰਗਤ ਦੀ ਵਿਸ਼ੇਸ਼ ਲੰਗਰ ਸੇਵਾ ਸਮੇਤ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ | ਇਸ ਦੌਰਾਨ ਰਬਾਬੀ ਜਥਾ ਲੋਪੋ ਵਾਲੇ, ਇੰਟਰਨੈਸ਼ਨਲ ਢਾਡੀ ਜਥਾ ਸੁਖਦੇਵ ਸਿੰਘ ਚਮਕਾਰਾ, ਸਤਨਾਮ ਸਿੰਘ ਚਮਿੰਡਾ, ਸੁਰਜੀਤ ਸਿੰਘ ਲੋਹਟਬੱਦੀ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਂਦਿਆਂ ਬਾਣੀ ਬਾਣੇ ਦੇ ਧਾਰਨੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਲੜ ਲੱਗਣ ਦੀ ਅਪੀਲ ਕੀਤੀ | ਨਗਰ ਕੀਰਤਨ ਦੇ ਨਾਲ ਸਾਰਾ ਦਿਨ ਗਤਕਾ ਪਾਰਟੀਆਂ ਤੇ ਘੋੜ ਸਵਾਰਾਂ ਨੇ ਜੌਹਰ ਦਿਖਾਏ ਅਤੇ ਪੈਰਾਸ਼ੂਟ ਰਾਹੀਂ ਸੰਗਤਾਂ ਉੱਪਰ ਫੁੱਲਾਂ ਦੀ ਵਰਖਾ ਨੇ ਅਲੌਕਿਕ ਨਜ਼ਾਰਾ ਬੰਨਿ੍ਹਆ | ਅਸਥਾਨ ਵਿਖੇ ਪਹੁੰਚਣ ਤੇ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਰੌਲੀ ਵਾਲਿਆਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਅਤੇ ਸਮੂਹ ਸੰਤ-ਮਹਾਂਪੁਰਸ਼ਾਂ, ਨਗਰ ਇਲਾਕੇ ਦੀਆਂ ਪੰਚਾਇਤਾਂ, ਦੇਸ਼-ਵਿਦੇਸ਼ ਵਿਚ ਵੱਸਦੀਆਂ ਸੰਗਤਾਂ, ਸਮੂਹ ਸੇਵਾਦਾਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ |