ਮੋਗਾ, 22 ਦਸੰਬਰ (ਸੁਰਿੰਦਰਪਾਲ ਸਿੰਘ)-ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਅਤੇ ਟੀ.ਬੀ. ਅਫ਼ਸਰ ਡਾ. ਗੌਰਵਪ੍ਰੀਤ ਸੋਢੀ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ. ਡਰੋਲੀ ਭਾਈ ਦੇ ਐਸ.ਐਮ.ਓ. ਡਾ. ਸੁਖਮਨਦੀਪ ਕੌਰ ਦੀ ਅਗਵਾਈ ਹੇਠ ਟੀ.ਬੀ. ਮੁਕਤ ਭਾਰਤ ਮੁਹਿੰਮ ਤਹਿਤ ਹੈਡ ਹਿਲਡ ਐਕਸਰੇ ਮਸ਼ੀਨ ਰਾਹੀਂ ਲੋਕਾਂ ਸਹੂਲਤ ਦੇਣ ਲਈ ਐਕਸਰੇ ਕਰਨ ਸਬੰਧੀ ਸ਼ੁਰੂਆਤ ਕੀਤੀ ਗਈ | ਇਸ ਸੰਬੰਧੀ ਡਾ. ਸੁਖਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਤਨਦੇਹੀ ਨਾਲ ਲੋਕਾਂ ਵਿਚ ਜਾ ਕੇ ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਮੁਫ਼ਤ ਐਕਸਰੇ ਕਰਨ ਉਪਰੰਤ ਮੁਫ਼ਤ ਇਲਾਜ ਕਰ ਕੇ ਪੰਜਾਬ ਨੂੰ 2025 ਤੱਕ ਟੀ.ਬੀ. ਮੁਕਤ ਕਰਨ ਲਈ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਅਤੇ ਟੀ.ਬੀ. ਦੇ ਲੱਛਣ ਹੋਣ 'ਤੇ ਜਾਂਚ ਅਤੇ ਇਲਾਜ ਉਪਲਬਧ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਕੰਪੇਨ ਦੌਰਾਨ ਸ਼ੂਗਰ ਨਾਲ ਪੀੜਤ ਮਰੀਜ਼ਾਂ, ਕੈਂਸਰ ਨਾਲ ਪੀੜਤ ਮਰੀਜ਼ਾਂ, ਦਿਲ ਦੇ ਮਰੀਜ਼ਾਂ, ਐਚ.ਆਈ.ਵੀ. ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ, ਸ਼ਰਾਬ ਤੇ ਤੰਬਾਕੂ ਦੇ ਸੇਵਨ ਕਰਨ ਵਾਲੇ ਵਿਅਕਤੀਆਂ, ਬਿਰਧ ਆਸ਼ਰਮ ਤੇ 60 ਸਾਲ ਤੋਂ ਉੱਪਰ ਸਾਰੇ ਵਿਅਕਤੀਆਂ ਦੇ ਮੁਫ਼ਤ ਐਕਸਰੇ ਪਿੰਡ-ਪਿੰਡ ਜਾ ਕੇ ਡਿਜੀਟਲ ਮਸ਼ੀਨ ਰਾਹੀਂ ਕੀਤੇ ਜਾਣਗੇ | ਸਮੂਹ ਸਟਾਫ਼ ਦੀ ਭਾਗੀਦਾਰੀ ਨਾਲ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ | ਟੀ.ਬੀ. ਦੀ ਬਿਮਾਰੀ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਦੋ ਹਫ਼ਤੇ ਤੋਂ ਜ਼ਿਆਦਾ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟ ਜਾਣਾ, ਬਲਗ਼ਮ ਵਿਚ ਖ਼ੂਨ ਦਾ ਆਉਣਾ ਅਜਿਹੇ ਲੱਛਣ ਹੋਣ ਤਾਂ ਉਨ੍ਹਾਂ ਮਰੀਜ਼ਾਂ ਦੀ ਐਕਸਰੇ ਮਸ਼ੀਨ ਦੁਆਰਾ ਜਾਂਚ ਕੀਤੀ ਜਾਵੇਗੀ | ਜੇਕਰ ਕੋਈ ਵਿਅਕਤੀ ਨੂੰ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਲਿਜਾ ਕੇ ਅਗਲੇਰੀ ਮੁਫ਼ਤ ਜਾਂਚ ਕਰਵਾਈ ਜਾਵੇਗੀ | ਇਸ ਮੌਕੇ ਡਾ. ਮੇਹਰ ਡਾਂਗ, ਬਲਰਾਜ ਸਿੰਘ ਸਿਹਤ ਸੁਪਰਵਾਈਜ਼ਰ, ਕੁਲਦੀਪ ਕੌਰ ਸਿਹਤ ਸੁਪਰਵਾਈਜ਼ਰ, ਵਰਿੰਦਰ ਸਿੰਘ ਐਸ.ਟੀ.ਐਸ., ਨੀਨਾ ਕਮਿਊਨਿਟੀ ਸੁਪਰਵਾਈਜ਼ਰ ਅਤੇ ਸਮੂਹ ਸਟਾਫ਼ ਮੌਜੂਦ ਸੀ |