ਕੋਟ ਈਸੇ ਖਾਂ, 22 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸੰਸਦ ਵਿਚ ਜੋ ਵਿਕਸਤ ਭਾਰਤ ਜੀ ਰਾਮ ਜੀ ਬਿੱਲ 2025 ਪਾਸ ਕੀਤਾ ਗਿਆ, ਉਸ ਨੂੰ ਲੈ ਕੇ ਸਥਾਨਕ ਚੌਂਕ ਬਾਬਾ ਨਿਧਾਨ ਸਿੰਘ ਵਿਚ ਇਕੱਤਰ ਹੁੰਦਿਆਂ ਸੀ.ਪੀ.ਆਈ. (ਐਮ), ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੀਟੂ ਅਤੇ ਡੀ.ਵਾਈ.ਐਫ.ਆਈ. ਜ਼ਿਲ੍ਹਾ ਮੋਗਾ ਦੇ ਆਗੂਆਂ ਵਲੋਂ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ | ਇਸ ਤੋਂ ਪਹਿਲਾਂ ਸਥਾਨਕ ਪਾਰਟੀ ਦਫ਼ਤਰ ਅੱਗੇ ਇਕੱਤਰ ਹੁੰਦਿਆਂ ਸੰਬੋਧਨ ਦੌਰਾਨ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾਈ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਨੇ ਕਿਹਾ ਕਿ ਇਹ ਸਕੀਮ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਮਨਰੇਗਾ ਜੋ ਦੇਸ਼ ਦੇ ਸਮੁੱਚੇ ਗਰੀਬ ਲੋਕਾ ਨੂੰ ਰੁਜ਼ਗਾਰ ਦੇ ਰਿਹਾ ਸੀ ਜੋ ਕਿ ਕਾਨੂੰਨ ਖੱਬੀਆਂ ਪਾਰਟੀਆਂ ਵਲੋਂ ਪਾਸ ਕਰਵਾਇਆ ਗਿਆ ਸੀ ਪਰ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਨਵਾਂ ਕਾਨੂੰਨ ਪਾਸ ਕਰਕੇ ਪੇਂਡੂ ਮਜ਼ਦੂਰਾਂ 'ਤੇ ਬਹੁਤ ਵੱਡਾ ਹਮਲਾ ਕੀਤਾ ਗਿਆ ਹੈ, ਕਿਉਂਕਿ ਮਨਰੇਗਾ ਸਕੀਮ ਵਿਚ ਪਹਿਲਾ ਸਾਲ ਵਿਚ 100 ਦਿਨ ਦਾ ਰੁਜ਼ਗਾਰ ਦੇਣ ਦੀ ਵਿਵਸਥਾ ਸੀ ਤੇ ਪਿਛਲੇ ਕੁਝ ਸਮੇਂ ਤੋਂ ਸਾਲ ਵਿਚ 200 ਦਿਨ ਰੁਜ਼ਗਾਰ ਦੀ ਮੰਗ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਰੇਗਾ ਸਕੀਮ ਵਿਚ 90 ਫ਼ੀਸਦੀ ਕੇਂਦਰ ਸਰਕਾਰ ਅਤੇ 10 ਫ਼ੀਸਦੀ ਸੂਬਾ ਸਰਕਾਰ ਦਾ ਹਿੱਸਾ ਸੀ, ਪ੍ਰੰਤੂ ਨਵੇਂ ਕਾਨੂੰਨ ਵਿਕਸਿਤ ਭਾਰਤ-ਜੀ ਰਾਮ ਜੀ ਵਿਚ ਕੇਂਦਰ ਸਰਕਾਰ ਨੇ ਆਪਣਾ ਹਿੱਸਾ 60 ਫ਼ੀਸਦੀ ਅਤੇ ਸੂਬਾ ਸਰਕਾਰ ਦਾ ਹਿੱਸਾ 40 ਫ਼ੀਸਦੀ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ ਤੇ ਕਰਜ਼ਾਈ ਪੰਜਾਬ ਸਰਕਾਰ ਦੇ ਪਹਿਲਾਂ ਹੀ ਹੱਥ ਖੜੇ ਹਨ ਤੇ ਉਹ ਆਪਣਾ 40 ਫ਼ੀਸਦੀ ਹਿੱਸਾ ਪਾਉਣ ਤੋ ਅਸਮਰਥ ਹੈ | ਇਸ ਕਰਕੇ ਜੋ ਗਰੀਬ ਲੋਕਾਂ ਨੂੰ ਪਹਿਲਾਂ ਰੁਜ਼ਗਾਰ ਮਿਲ ਰਿਹਾ ਸੀ, ਉਹ ਖ਼ਤਮ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਨਹੀ ਲੈਂਦੀ ਤਾਂ ਸੀ.ਪੀ.ਆਈ. (ਐਮ) ਮਨਰੇਗਾ ਕਾਨੂੰਨ ਨੂੰ ਦੁਬਾਰਾ ਲਾਗੂ ਕਰਨ ਤੱਕ ਸੰਘਰਸ਼ ਲੜਨ ਲਈ ਤਿਆਰ ਹੈ | ਸੰਬੋਧਨ ਉਪਰੰਤ ਸੀ.ਪੀ.ਆਈ. (ਐਮ) ਵਲੋਂ ਕਾਮਰੇਡ ਸੁਰਜੀਤ ਸਿੰਘ ਗਗੜਾ ਅਤੇ ਕਾਮਰੇਡ ਰਾਮ ਕਿ੍ਸ਼ਨ ਧਰਮਕੋਟ ਦੀ ਅਗਵਾਈ ਵਿਚ ਪਾਰਟੀ ਦਫ਼ਤਰ ਕੋਟ ਈਸੇ ਖਾਂ ਤੋ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਤੇ ਮੁੱਖ ਚੌਂਕ ਵਿਚ ਨਾਅਰੇਬਾਜ਼ੀ ਕਰਨ ਉਪਰੰਤ ਵਿਕਸਤ ਭਾਰਤ-ਜੀ ਰਾਮ ਜੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਸਮੇਂ ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਜਨ: ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੁਰਜਨਪਾਲ ਸਿੰਘ, ਭਗਵੰਤ ਸਿੰਘ, ਸੋਨੂੰ ਚੌਧਰੀ, ਜੱਗਾ ਸਿੰਘ ਬੱਡੂਵਾਲ, ਠਾਕੁਰ ਬਲਰਾਮ ਸਿੰਘ, ਪਿਆਰਾ ਸਿੰਘ ਜਾਨੀਆ, ਗੁਰਿੰਦਰ ਸਿੰਘ ਵੈਰੜ, ਬਲਦੇਵ ਸਿੰਘ, ਸੁਰਿੰਦਰ ਪਾਲ, ਬਲਵਿੰਦਰ ਸਿੰਘ ਕਲਸੀ, ਹਰਭਜਨ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਮੰਘੇੜਾ, ਸੁਖਦੇਵ ਸਿੰਘ ਘਲੋਟੀ, ਕੁਲਵੰਤ ਸਿੰਘ ਗਗੜਾ, ਨਵਕਾਸ਼ ਅਤੇ ਬਹਾਦਰ ਸਿੰਘ ਆਦਿ ਹਾਜ਼ਰ ਸਨ |