ਫ਼ਤਿਹਗੜ੍ਹ ਪੰਜਤੂਰ, 22 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਜ਼ਿਲ੍ਹਾ ਮੋਗਾ ਦੇ ਥਾਣਾ ਫ਼ਤਿਹਗੜ੍ਹ ਪੰਜਤੂਰ ਅਧੀਨ ਪੈਂਦੇ ਪਿੰਡ ਕੜਾਹੇ ਵਾਲਾ ਤੋਂ ਇਕ ਔਰਤ ਦੀ ਲੁਧਿਆਣਾ ਦੀ ਬਾੜੇਵਾਲ ਸੜਕ ਸਥਿਤ ਨਿੱਜੀ ਹਸਪਤਾਲ ਵਿਖੇ ਲਾਸ਼ ਖ਼ੁਰਦ ਬੁਰਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਕੜਾਹੇ ਵਾਲਾ ਦੀ ਜਸਵੀਰ ਕੌਰ 74 ਪਤਨੀ ਸਾਬਕਾ ਸਰਪੰਚ ਜਸਵੰਤ ਸਿੰਘ ਸੰਧੂ, ਜੋ ਇਸ ਹਸਪਤਾਲ ਵਿਖੇ ਲੀਵਰ ਦੇ ਇਲਾਜ ਲਈ ਦਾਖਲ ਸੀ, ਦੀ ਲੰਘੀ 19 ਦਸੰਬਰ ਨੂੰ ਮੌਤ ਹੋ ਗਈ | ਮਰਨ ਵਾਲੀ ਔਰਤ ਦੇ ਬੱਚੇ ਵਿਦੇਸ਼ ਵਿਚ ਸਨ, ਇਸ ਲਈ ਉਨ੍ਹਾਂ ਦੇ ਆਉਣ ਤੱਕ ਪਰਿਵਾਰਕ ਮੈਂਬਰਾਂ ਨੇ ਲਾਸ਼ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ | ਅੱਜ ਜਦੋਂ ਔਰਤ ਦੇ ਪੁੱਤਰਾਂ ਤੇ ਭਤੀਜੇ ਦੇ ਵਿਦੇਸ਼ ਪਰਤਣ ਤੋਂ ਉਪਰੰਤ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਲੁਧਿਆਣਾ ਵਿਖੇ ਹਸਪਤਾਲ ਪਹੁੰਚੇ ਤਾਂ ਲਾਸ਼ ਗ਼ਾਇਬ ਸੀ | ਇਸ ਸਬੰਧੀ ਜਦੋਂ ਮਿ੍ਤਕ ਦੇ ਪਿੰਡ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਇਹ ਖ਼ਬਰ ਅੱਗ ਦੇ ਵਾਂਗ ਫੈਲ ਗਈ | ਜਾਣਕਾਰੀ ਅਨੁਸਾਰ ਹਸਪਤਾਲ ਦੇ ਪ੍ਰਬੰਧਕਾਂ ਪਾਸ ਕੋਈ ਠੋਸ ਜਵਾਬ ਨਹੀਂ ਸੀ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ 'ਤੇ ਮਨੁੱਖੀ ਤਸਕਰੀ ਦੇ ਦੋਸ਼ ਲਗਾਉਂਦੇ ਹੋਏ ਹੰਗਾਮਾ ਕੀਤਾ ਗਿਆ | ਮਿ੍ਤਕਾ ਦੇ ਪਤੀ ਜਸਵੰਤ ਸਿੰਘ ਸਾਬਕਾ ਸਰਪੰਚ ਕੜਾਹੇ ਵਾਲਾ ਨੇ ਦੱਸਿਆ ਕਿ ਮੇਰੀ ਪਤਨੀ ਜਸਵੀਰ ਕੌਰ ਦੀ ਜੇਰੇ ਇਲਾਜ ਔਰੀਸਨ ਹਸਪਤਾਲ ਲੁਧਿਆਣਾ ਵਿਖੇ 19 ਤਰੀਕ ਨੂੰ ਮੌਤ ਹੋ ਗਈ | ਮੇਰੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਹੋਣ ਕਰਕੇ ਉਨ੍ਹਾਂ ਦੇ ਆਉਣ ਤੇ ਤਿੰਨ ਦਿਨਾਂ ਬਾਅਦ ਅੰਤਿਮ ਸੰਸਕਾਰ ਕਰਨਾ ਸੀ ਤੇ ਮੈਂ ਤੇ ਮੇਰਾ ਭਾਈ ਸਾਹਿਬ ਅਸੀਂ ਮਿ੍ਤਕ ਦੇਹ ਨੂੰ ਅੰਦਰ ਰਖਵਾ ਕੇ ਜਿੰਦਾ ਲਵਾ ਕੇ ਗਏ | ਜਦੋਂ ਪਰਿਵਾਰਕ ਮੈਂਬਰ ਵਿਦੇਸ਼ ਤੋਂ ਆ ਗਏ ਤਾਂ ਅਸੀਂ ਅੱਜ 22 ਦਸੰਬਰ ਨੂੰ ਸਵੇਰੇ ਕਰੀਬ 8 ਵਜੇ ਮਿ੍ਤਕ ਦੇਹ ਲੈਣ ਉੱਥੇ ਹਸਪਤਾਲ ਦੇ ਅੰਦਰ ਗਏ ਉੱਥੇ ਕੁਝ ਵੀ ਨਹੀਂ ਮਿਲਿਆ ਤੇ ਉਹ ਜਗ੍ਹਾ ਵਿਹਲੀ ਪਈ ਸੀ | ਹਸਪਤਾਲ ਵਾਲੇ ਸਾਨੂੰ ਹੋਰ ਕਿਸੇ ਦੀ ਉੱਥੇ ਪਈ ਇਕ ਬੋਡੀ ਦਿਖਾਈ ਗਏ |ਮਿ੍ਤਕਾ ਦੇ ਪਤੀ ਜਸਵੰਤ ਸਿੰਘ ਨੇ ਬਹੁਤ ਹੀ ਦੁਖੀ ਮਨ ਨਾਲ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਹਸਪਤਾਲ ਵਾਲਿਆਂ ਨੇ ਉਸ ਦੀ ਪਤਨੀ ਦੇ ਡੈਡ ਬਾਡੀ ਦੇ ਅੰਗ ਵੇਚ ਕਿ ਲਾਸ਼ ਨੂੰ ਖ਼ੁਰਦ ਬੁਰਦ ਕਰ ਦਿੱਤਾ ਹੈ | ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਸਰਕਾਰ ਤੋਂ ਹਸਪਤਾਲ ਦੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਪਿੰਡ ਕੜਾਹੇ ਵਾਲਾ ਵਿਖੇ ਸਵ: ਜਸਵੀਰ ਕੌਰ ਦਾ ਅੰਤਿਮ ਸੰਸਕਾਰ 1 ਵਜੇ ਦੁਪਹਿਰੇ ਹੋਣਾ ਸੀ ਜਿਸ ਵਿਚ ਵੱਡੇ ਪੱਧਰ 'ਤੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਰਿਸ਼ਤੇਦਾਰਾਂ ਵਲੋਂ ਅੰਤਿਮ ਯਾਤਰਾ ਵਿਚ ਸ਼ਾਮਲ ਹੋਣਾ ਸੀ ਜਿਵੇਂ ਹੀ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਵੱਡੇ ਪੱਧਰ 'ਤੇ ਉਨ੍ਹਾਂ ਵਲੋਂ ਲੁਧਿਆਣੇ ਦੇ ਉਸ ਨਿੱਜੀ ਹਸਪਤਾਲ ਵੱਲ ਨੂੰ ਕੂਚ ਕਰ ਦਿੱਤਾ |