ਮੋਗਾ, 26 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਅੱਜ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਸੜਕ ਕਿਨਾਰੇ ਖੜ੍ਹੇ ਇਕ ਈ-ਰਿਕਸ਼ਾ ਨਾਲ ਤੇਜ਼ ਰਫ਼ਤਾਰ ਬੱਸ ਟੱਕਰਾ ਗਈ | ਇਸ ਹਾਦਸੇ 'ਚ ਈ-ਰਿਕਸ਼ਾ ਚਾਲਕ ਬਲਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉੱਥੇ ਖੜ੍ਹੇ ਵਿਪਨ ਨਾਂਅ ਦੇ ਨੌਜਵਾਨ ਤੇ ਹਰਪ੍ਰੀਤ ਕੌਰ ਨਾਂਅ ਦੀ ਔਰਤ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ | ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਮੋਗਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਈ-ਰਿਕਸ਼ਾ ਚਾਲਕ ਨੂੰ ਮਿ੍ਤਕ ਕਰਾਰ ਦੇ ਦਿੱਤਾ | ਵਿਪਨ ਦੇ ਸਿਰ 'ਚ ਗਹਿਰੀ ਸੱਟ ਹੋਣ ਕਾਰਨ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ, ਜਦ ਕਿ ਜ਼ਖ਼ਮੀ ਔਰਤ ਹਰਪ੍ਰੀਤ ਕੌਰ ਨੂੰ ਉਸ ਦੇ ਪਰਿਵਾਰਕ ਮੈਂਬਰ ਆਪਣੀ ਮਰਜ਼ੀ ਨਾਲ ਨਿੱਜੀ ਹਸਪਤਾਲ ਲੈ ਗਏ | ਜ਼ਖ਼ਮੀ ਔਰਤ ਦੇ ਪਤੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਈ-ਰਿਕਸ਼ਾ 'ਚ ਬੈਠਣ ਲਈ ਸੜਕ ਕਿਨਾਰੇ ਖੜ੍ਹੀ ਸੀ ਕਿ ਅਚਾਨਕ ਪਿੱਛੋਂ ਆਈ ਬੱਸ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਪਤਨੀ ਤੇ ਉੱਥੇ ਖੜ੍ਹਾ ਇਕ ਨੌਜਵਾਨ ਬੱਸ ਦੀ ਲਪੇਟ 'ਚ ਆ ਗਏ | ਇਸ ਹਾਦਸੇ 'ਚ ਈ-ਰਿਕਸ਼ਾ ਚਾਲਕ ਦੀ ਜਾਨ ਚਲੀ ਗਈ | ਉੱਥੇ ਹੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਬਾਈਪਾਸ 'ਤੇ ਬੱਸ ਤੇ ਈ-ਰਿਕਸ਼ਾ ਵਿਚਾਲੇ ਟੱਕਰ ਹੋਈ ਹੈ, ਜਿਸ ਵਿਚ ਹਰਪ੍ਰੀਤ ਕੌਰ ਤੇ ਵਿਪਨ ਜ਼ਖ਼ਮੀ ਹੋਏ ਹਨ ਤੇ ਈ-ਰਿਕਸ਼ਾ ਚਾਲਕ ਬਲਬੀਰ ਸਿੰਘ ਦੀ ਮੌਤ ਹੋ ਗਈ ਹੈ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੁਲਿਸ ਵਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ |