ਕੋਟ ਈਸੇ ਖਾਂ, 26 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਸਦਕਾ ਸੱਤ ਰੋਜ਼ਾ ਐਨ. ਐਸ. ਕੈਂਪ ਸਫ਼ਲਤਾ ਪੂਰਵਕ ਸਮਾਪਤ ਹੋਇਆ | ਕੈਂਪ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸਨ, ਸਮਾਜਿਕ ਸੇਵਾ, ਸਫ਼ਾਈ ਦੀ ਮਹੱਤਤਾ, ਸਮੇਂ ਦੀ ਕਦਰ ਤੇ ਟੀਮ ਵਰਕ ਵਰਗੀਆਂ ਕਈ ਕੀਮਤੀ ਸਿੱਖਿਆਵਾਂ ਪ੍ਰਾਪਤ ਕੀਤੀਆਂ | ਵਲੰਟੀਅਰਜ਼ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀ ਸਮਝਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆ | ਕੈਂਪ ਦੌਰਾਨ ਸੁਲਤਾਨਪੁਰ ਲੋਧੀ (ਲੜਕੇ) ਤੇ ਨਾਨਕਸਰ (ਲੜਕੀਆਂ) ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਗਏ, ਜਿੱਥੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਮੱਥਾ ਟੇਕਿਆ ਤੇ ਸੇਵਾ ਦੀ ਮਹੱਤਤਾ ਬਾਰੇ ਜਾਣਕਾਰੀ ਲਈ | ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਚੇਤੇ ਕਰਦਿਆਂ ਐਨ.ਐਸ.ਐਸ. ਵਲੰਟੀਅਰਜ਼ ਦੁਆਰਾ ਵੀਰ ਬਾਲ ਦਿਵਸ ਵੀ ਮਨਾਇਆ ਗਿਆ | ਕੈਂਪ ਦੌਰਾਨ ਡਾ. ਭੁਪਿੰਦਰ ਸਿੰਘ ਨੇ ਐਨ.ਐਸ.ਐਸ. ਵਲੰਟੀਅਰਜ਼ ਨੂੰ ਸਿਹਤ ਨਾਲ ਸਬੰਧਿਤ ਜਾਣਕਾਰੀ ਦਿੱਤੀ | ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ. ਡੀ. ਮੈਡਮ ਰਣਜੀਤ ਕੌਰ ਨੇ ਵਲੰਟੀਅਰਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਨ.ਐੱਸ.ਐੱਸ ਕੈਂਪ ਵਲੰਟੀਅਰਜ਼ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਅਖੀਰ 'ਚ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਸਿੱਖਿਆਦਾਇਕ ਗੱਲਾਂ ਦੁਆਰਾ ਵਲੰਟੀਅਰਜ਼ ਨੂੰ ਦੇਸ਼ ਤੇ ਸਮਾਜ ਦੀ ਸੇਵਾ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਅਮੀਰ ਸਿੰਘ, ਮਹੇਸ਼ ਕੁਮਾਰ, ਸੁਰਿੰਦਰ ਕੌਰ, ਨਿਸ਼ਾ, ਰੁਪਿੰਦਰ ਕੌਰ ਨੂੰ ਵੀ ਸਨਮਾਨਿਤ ਕੀਤਾ |