ਠੱਠੀ ਭਾਈ, 26 ਦਸੰਬਰ (ਜਗਰੂਪ ਸਿੰਘ ਮਠਾੜੂ)-ਆਪਣੇ ਉਸਤਾਦ ਮਾਸਟਰ ਸਲੀਮ ਦੇ ਪਿਤਾ ਤੇ ਪ੍ਰਸਿੱਧ ਧਾਰਮਿਕ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ ਦੇ ਅਕਾਲ ਚਲਾਣੇ 'ਤੇ ਗੁਰੂ ਰਾਮਦਾਸ ਜੀ ਦੇ ਘਰ ਦੇ ਪ੍ਰਸਿੱਧ ਕੀਰਤਨੀਏ ਟਿੱਲਾ ਬਾਬਾ ਫਰੀਦ ਜੀ ਦੇ ਹਜੂਰੀ ਰਾਗੀ ਭਾਈ ਰਾਜਦੀਪ ਸਿੰਘ ਮੋਗੇ ਵਾਲਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਉਸਤਾਦ ਪੂਰਨ ਸ਼ਾਹ ਕੋਟੀ ਦੀ ਮੌਤ ਧਾਰਮਿਕ ਸੰਗੀਤ ਜਗਤ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ | ਭਾਈ ਰਾਜਦੀਪ ਸਿੰਘ ਨੇ ਦੱਸਿਆ ਕਿ ਉਸਤਾਦ ਪੂਰਨ ਸ਼ਾਹ ਕੋਟੀ ਨੇ ਆਪਣੀ ਸਾਰੀ ਉਮਰ ਸੂਫ਼ੀ, ਕਲਾਮ ਤੇ ਧਾਰਮਿਕ ਗਾਇਕੀ ਦੀ ਸੇਵਾ 'ਚ ਸਮਰਪਿਤ ਕਰ ਦਿੱਤੀ | ਉਨ੍ਹਾਂ ਦੀ ਰੂਹਾਨੀ ਆਵਾਜ਼ ਤੇ ਅਰਥਪੂਰਨ ਕਲਾਮ ਨੇ ਅਨੇਕਾਂ ਸੰਗਤਾਂ ਨੂੰ ਗੁਰਬਾਣੀ ਤੇ ਸੂਫ਼ੀ ਵਿਚਾਰਧਾਰਾ ਨਾਲ ਜੋੜਿਆ | ਉਨ੍ਹਾਂ ਵਲੋਂ ਗਾਏ ਗਏ ਕਲਾਮ ਤੇ ਰਚਨਾਵਾਂ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਵੱਸਦੀਆਂ ਹਨ | ਉਨ੍ਹਾਂ ਕਿਹਾ ਕਿ ਉਸਤਾਦ ਪੂਰਨ ਸ਼ਾਹ ਕੋਟੀ ਨਾ ਕੇਵਲ ਇਕ ਮਹਾਨ ਗਾਇਕ ਸਨ, ਸਗੋਂ ਇਕ ਸੱਚੇ ਗੁਰੂ ਤੇ ਪ੍ਰੇਰਣਾਸ੍ਰੋਤ ਵੀ ਸਨ, ਜਿਨ੍ਹਾਂ ਨੇ ਕਈ ਨੌਜਵਾਨ ਕਲਾਕਾਰਾਂ ਨੂੰ ਸੰਗੀਤ ਦੇ ਰਾਹ 'ਤੇ ਅੱਗੇ ਵਧਣ ਲਈ ਮਾਰਗ ਦਰਸ਼ਨ ਦਿੱਤਾ | ਉਨ੍ਹਾਂ ਦੀ ਸਾਦਗੀ, ਨਿਮਰਤਾ ਤੇ ਧਾਰਮਿਕ ਸੋਚ ਹਮੇਸ਼ਾ ਯਾਦ ਰਹੇਗੀ | ਭਾਈ ਰਾਜਦੀਪ ਸਿੰਘ ਮੋਗੇ ਵਾਲਿਆਂ ਨੇ ਦੁੱਖ ਦੀ ਇਸ ਘੜੀ 'ਚ ਮਾਸਟਰ ਸਲੀਮ ਤੇ ਸਾਰੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ |