• ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਸੰਗਤਾਂ ਸਵੇਰ ਤੋਂ ਹੀ ਨਤਮਸਤਕ ਹੋਈਆਂ
ਮੋਗਾ, 27 ਦਸੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਗੁਰਦੁਆਰਾ ਬੀਬੀ ਕਾਹਨ ਕੌਰ, ਗੁਰਦੁਆਰਾ ਕਲਗ਼ੀਧਰ ਦੱਤ ਰੋਡ, ਗੁਰਦੁਆਰਾ ਗੋਬਿੰਦਸਰ, ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਮੋਗਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਬੁੱਕਣ ਵਾਲਾ ਰੋਡ, ਗੁਰਦੁਆਰਾ ਦਸਮੇਸ਼ ਪ੍ਰਕਾਸ਼, ਗੁਰਦੁਆਰਾ ਮਾਤਾ ਭਗਵਾਨ ਕੌਰ, ਗੁਰਦੁਆਰਾ ਮਾਤਾ ਜਾਨਕੀ, ਗੁਰਦੁਆਰਾ ਮਾਤਾ ਅਮਰ ਕੌਰ ਪੁਰਾਣਾ ਮੋਗਾ, ਗੁਰਦੁਆਰਾ ਦਸਮੇਸ਼ ਨਗਰ ਅੰਮਿ੍ਤਸਰ ਰੋਡ ਮੋਗਾ, ਗੁਰਦੁਆਰਾ ਫ਼ਤਿਹਸਰ ਸਾਹਿਬ ਦੁੱਨੇਕੇ, ਗੁਰਦੁਆਰਾ ਗੁਲਾਬ ਸਿੰਘ ਘੋਲੀਆ, ਗੁਰਦੁਆਰਾ ਅਕਾਲਸਰ, ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਸਮੇਤ ਗੁਰਦੁਆਰਿਆਂ ਵਿਚ ਅੱਜ ਸਵੇਰੇ ਸਾਹਿਬ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਸਿੱਖ ਕੌਮ ਦੇ ਮਹਾਨ ਵਿਦਵਾਨਾਂ ਤੇ ਕਥਾ ਵਾਚਕਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫ਼ਲਸਫ਼ੇ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਬੁਲਾਰਿਆਂ ਨੇ ਕਿਹਾ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਧਰਮ ਦੀ ਰੱਖਿਆ ਤੇ ਸਿੱਖ ਕੌਮ ਲਈ ਕੁਰਬਾਨ ਕਰ ਦਿੱਤਾ ਜਿਸ ਦੀ ਮਿਸਾਲ ਦੁਨੀਆ ਭਰ ਵਿਚ ਕਿਤੇ ਨਹੀਂ ਮਿਲਦੀ | ਇਸੇ ਤਰ੍ਹਾਂ ਗੁਰਦੁਆਰਾ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਗਲੀ ਨੰਬਰ 7 ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਗਿਆਨੀ ਹਰਪ੍ਰੀਤ ਸਿੰਘ ਧੱਲੇਕੇ ਕਥਾ ਵਾਚਕ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਵਲੋਂ ਦਰਸਾਏ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਤੇ ਜ਼ਬਰ ਜ਼ੁਲਮ ਦੇ ਟਾਕਰੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਸਮਾਗਮ ਦੌਰਾਨ ਗੁਰਬਚਨ ਸਿੰਘ ਸ਼ੇਰਪੁਰੀ ਦੇ ਕਵੀਸ਼ਰੀ ਜਥੇ ਨੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਕਰਨੈਲ ਸਿੰਘ ਨੇ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ, ਕੀਰਤਨੀ ਜਥਿਆਂ, ਕਥਾ ਵਾਚਕਾਂ, ਕਵੀਸ਼ਰੀ ਜਥਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮੱਲ੍ਹੀ, ਗਿਆਨੀ ਬਚਿੱਤਰ ਸਿੰਘ, ਬਲਜੀਤ ਸਿੰਘ ਸੇਖਾ, ਜਗਦੀਪ ਸਿੰਘ ਲੱਕੀ, ਜਗਤਾਰ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਅਮਰ ਸਿੰਘ, ਮਹੰਤਾ ਸਿੰਘ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਜਥੇਦਾਰ ਅਮਰਜੀਤ ਸਿੰਘ, ਬਲਵਿੰਦਰ ਸਿੰਘ, ਹਰਦਿਆਲ ਸਿੰਘ ਸੇਖਾ, ਮੰਗਾ ਸਿੰਘ, ਮੰਗਲ ਸਿੰਘ, ਕੁਲਦੀਪ ਸਿੰਘ, ਜਗਦੇਵ ਸਿੰਘ, ਸ਼ਿੰਗਾਰਾ ਸਿੰਘ, ਕਿਰਪਾਲ ਸਿੰਘ ਸੰਘਾ, ਜਸਵਿੰਦਰ ਸਿੰਘ, ਜਸਦੇਵ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਸਮਾਗਮ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤੇ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
ਅਜੀਤ ਡੈਸਕ
28-12-2025