ਸੰਗਰੂਰ, 31 ਮਈ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਤੇ ਪਾਰਟੀ ਦੇ ਓ.ਬੀ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਪਾਲ ਸਿੰਘ ਸੋਨੰੂ ਨੇ ਕਿਹਾ ਕਿ ਪਾਰਟੀ ਲੁਧਿਆਣਾ ਪੱਛਮੀ ਹਲਕੇ ਤੋਂ ਸ਼ਾਨਦਾਰ ਜਿੱਤ ਕਰ ਕੇ ਜਿੱਥੇ ਆਪ ਪਾਰਟੀ, ਭਾਜਪਾ, ਅਕਾਲੀ ਦਲ ਨੰੂ ਕਰਾਰੀ ਹਾਰ ਦੇਵੇਗੀ ਉੱਥੇ ਰਾਜ ਵਿਚ 2027 ਦੀ ਵਿਧਾਨ ਸਭਾ ਚੋਣਾ ਲਈ ਵੱਡੀ ਜਿੱਤ ਦਾ ਰਾਹ ਵੀ ਖੋਲੇ੍ਹਗੀ | ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਪੰਜਾਬ ਦੇ ਲੋਕਾਂ ਲਈ ਇਕ ਵੱਡੀ ਆਸ ਦੀ ਕਿਰਨ ਹੈ ਕਿਉਂਕਿ ਆਪ ਪਾਰਟੀ ਦੇ ਪਿਛਲੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਜੋ ਰਾਜ ਦੀ ਦੁਰਗਤੀ ਕੀਤੀ ਹੈ ਉਹ ਸਭ ਦੇ ਸਾਹਮਣੇ ਹੈ | ਜ਼ਿਮਨੀ ਚੋਣ ਲੁਧਿਆਣਾ ਦੀ ਗੱਲ ਕਰਦਿਆਂ ਹਰਪਾਲ ਸਿੰਘ ਸੋਨੰੂ ਨੇ ਕਿਹਾ ਕਿ ਲੁਧਿਆਣਾ ਤੋਂ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਉੱਥੋਂ ਦੇ ਮੈਂਬਰ ਪਾਰਲੀਮੈਂਟ ਵੀ ਹਨ, ਇੱਥੋਂ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਲਈ ਸਿਰਤੋੜ ਯਤਨ ਕਰ ਰਹੇ ਹਨ | ਸੰਗਰੂਰ ਤੋਂ ਵੀ ਕਾਂਗਰਸ ਪਾਰਟੀ ਦੇ ਆਗੂਆਂ ਦਾ ਇਕ ਕਾਫ਼ਲਾ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਜ਼ਿਮਨੀ ਚੋਣ ਵਿਚ ਪ੍ਰਚਾਰ ਕਰਨ ਲਈ ਜਾਣ ਦਾ ਦਾਅਵਾ ਕਰਦਿਆਂ ਹਰਪਾਲ ਸਿੰਘ ਸੋਨੰੂ ਨੇ ਕਿਹਾ ਕਿ ਸੰਗਰੂਰ ਦੇ ਕਾਂਗਰਸ ਕਾਰਕੁੰਨਾ ਵਿਚ ਜ਼ਿਮਨੀ ਚੋਣ ਵਿਚ ਜਾਣ ਲਈ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ |