ਸੰਗਰੂਰ, 1 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਗੱਲਬਾਤ ਉਪਰੰਤ ਆਗੂਆਂ ਨੇ ਭਲਕੇ 2 ਜੂਨ ਨੂੰ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ | ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਐਸ.ਪੀ (ਡੀ) ਦਵਿੰਦਰ ਕੁਮਾਰ ਅੱਤਰੀ, ਡੀ.ਐੱਸ.ਪੀ ਇੰਟੈਲੀਜੈਂਸ ਚਰਨਪਾਲ ਸਿੰਘ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਬਿੱਕਰ ਸਿੰਘ ਹਥੋਆ, ਗੁਰਵਿੰਦਰ ਬੌੜਾ, ਸਿੰਗਾਰ ਹੇੜੀਕੇ, ਰਾਜ ਕੌਰ ਬਡਰੁੱਖਾਂ ਦਰਮਿਆਨ ਮੀਟਿੰਗ ਹੋਈ | ਆਗੂਆਂ ਨੇ ਮੀਟਿੰਗ ਦੇ ਵੇਰਵਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਂਦ ਰਿਆਸਤ ਦੇ ਰਾਜ ਦੀ 927 ਏਕੜ ਵਿਚ ਬੇਗਮਪੁਰਾ ਵਸਾਉਣ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪੰਚਾਇਤ ਮੰਤਰੀ ਤਰਨਪ੍ਰੀਤ ਸੌਂਦ ਅਤੇ ਮਾਲ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੰੁਡੀਆ ਨਾਲ 18 ਜੂਨ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਹੋਈ ਹੈ | ਸੰਘਰਸ਼ ਦਰਮਿਆਨ ਗਿ੍ਫ਼ਤਾਰ ਕੀਤੇ ਗਏ ਕਾਰਕੁਨਾਂ ਦੀ ਤਿੰਨ ਦਿਨਾਂ ਵਿਚ ਰਿਹਾਈ ਕਰਨ ਦਾ ਫ਼ੈਸਲਾ ਵੀ ਹੋਇਆ ਹੈ | ਸੰਘਰਸ਼ ਕਮੇਟੀ ਨੇ ਇਸ ਉਪਰੰਤ 2 ਜੂਨ ਨੂੰ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜਾਣ ਵਾਲਾ ਰੋਸ ਮੁਜ਼ਾਹਰਾ ਮੁਲਤਵੀ ਕਰ ਦਿੱਤਾ ਹੈ | ਬਿੱਕਰ ਸਿੰਘ ਹਥੌਆਰ ਨੇ ਕਿਹਾ ਕਿ ਬੇਗਮਪੁਰਾ ਵਸਾਉਣ ਜਾ ਰਹੇ ਦਲਿਤਾ ਉੱਪਰ ਪੰਜਾਬ ਸਰਕਾਰ ਵਲੋਂ ਕੀਤੇ ਗਏ ਜਬਰ ਦਾ ਬਹੁਤ ਸਾਰੀਆਂ ਜਥੇਬੰਦੀਆਂ ਨੇ ਵਿਰੋਧ ਕੀਤੇ ਹੈ ਅਤੇ ਸੰਘਰਸ਼ ਦੀ ਹਮਾਇਤ ਕੀਤੀ ਹੈ | ਉਪਰੋਕਤ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਹਥੋਆ ਨੇ ਕਿਹਾ ਕਿਹ ਕੁਝ ਸਿਆਸੀ ਪਾਰਟੀਆਂ ਵਲੋਂ ਸਿਆਸੀ ਲਾਹਾਂ ਲੈਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਅਜਿਹੇ ਲੋਕਾਂ ਨੂੰ ਸਿਆਸੀ ਲਾਹਾਂ ਲੈਣ ਦੀ ਬਜਾਇ ਸੰਘਰਸ਼ ਦਾ ਹਿੱਸਾ ਬਣਨ ਦਾ ਅਪੀਲ ਕੀਤੀ | ਉਨ੍ਹਾਂ ਸਪਸ਼ਟ ਕੀਤਾ ਕਿ ਜੇ ਸਾਥੀਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਅਤੇ ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਵਾਅਦਾ ਖ਼ਿਲਾਫ਼ੀ ਹੁੰਦੀ ਹੈ ਤਾਂ ਮੁੜ ਤਿੱਖਾ ਸੰਘਰਸ਼ ਕੀਤਾ ਜਾਵੇਗਾ |