ਸੰਗਰੂਰ, 1 ਜੂਨ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸੂਬਾਈ ਸਕੱਤਰ ਅਤੇ ਨਗਰ ਕੌਂਸਲ ਸੰਗਰੂਰ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਕਹਿਣਾ ਨੂੰ ਸੰਗਰੂਰ ਭਾਵੇਂ ਮੁੱਖ ਮੰਤਰੀ ਦਾ ਸ਼ਹਿਰ ਕਿਹਾ ਜਾਂਦਾ ਹੈ ਪਰ ਇੱਥੋਂ ਦੇ ਲੋਕ ਰੋਜਮਰਾਂ ਦੀ ਜਨਤਕ ਸਹੂਲਤਾਂ ਤੋਂ ਵੀ ਆਪਣੇ ਆਪ ਨੂੰ ਵਾਂਝਾ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ ਪਰ ਲੰਬੇ ਸਮੇਂ ਤੋਂ ਸ਼ਹਿਰ ਦੀ ਸੀਵਰੇਜ ਲਾਇਨਾਂ ਦੀ ਸਫ਼ਾਈ ਨਾ ਹੋਣ ਕਾਰਨ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ | ਆਪ ਪਾਰਟੀ ਦੀ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਕੋਈ ਵੀ ਵਰਨਣਯੋਗ ਵਿਕਾਸ ਨਾ ਹੋਣ ਦੀ ਗੱਲ ਕਰਦਿਆਂ ਢੀਂਗਰਾ ਨੇ ਕਿਹਾ ਕਿ ਸ਼ਹਿਰ ਦੀ ਸੜਕਾਂ ਦੀ ਬੇਹੱਦ ਬੁਰਾ ਹਾਲ ਹੈ ਅਤੇ ਇਸ ਸਰਕਾਰ ਦੀ ਕਾਰਗੁਜ਼ਾਰੀ ਇਹ ਹੈ ਕਿ ਲੁੱਕ ਬਜਰੀ ਬੋਰੀਆ ਵਿਚ ਭਰ ਕੇ ਸੜਕਾਂ ਦੇ ਟੋਇਆਂ ਨੂੰ ਭਰ ਕੇ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਸਲੱਮ ਏਰੀਏ ਦੇ ਕਈ ਇਲਾਕਿਆਂ ਵਿਚ ਸਵੱਛ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਦਾ ਲੋਕਾਂ ਨੂੰ ਸਾਹਮਣੇ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਖ਼ਾਮੋਸ਼ ਹੈ | ਢੀਂਗਰਾ ਨੇ ਕਿਹਾ ਕਿ ਨਗਰ ਕੌਂਸਲ ਦੀ ਅਗਲੇਰੀ ਮੀਟਿੰਗ ਵਿਚ ਉਹ ਵਿਕਾਸ ਕਾਰਜਾਂ ਦੀ ਆ ਰਹੀ ਖੜੋਤ ਦਾ ਮੁੱਦਾ ਹਾਊਸ ਵਿਚ ਜ਼ੋਰ ਸ਼ੋਰ ਨਾਲ ਉਠਾਉਣਗੇ | ਇਸ ਮੌਕੇ ਸ੍ਰੀ ਵਿਨੋਦ ਕੁਮਾਰ ਬੋਦੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਸੰਗਰੂਰ ਵੀ ਮੌਜੂਦ ਸਨ |