ਗੁਰੂਹਰਸਹਾਏ, 1 ਜੂਨ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਵਲੋਂ ਜਿੱਥੇ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਾਂਗਰਸ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ, ਉੱੱਥੇ ਹੀ ਗੁਰੂਹਰਸਹਾਏ ਵਿਖੇ ਵੀ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ | ਇਸੇ ਤਰ੍ਹਾਂ ਹੀ ਸੰਦੀਪ ਕੁਮਾਰ ਸਿਡਾਨਾ ਦੀ ਦੁਕਾਨ 'ਤੇ ਮੀਟਿੰਗ ਕੀਤੀ ਗਈ, ਜਿਸ 'ਚ ਅਕਸ਼ੇ ਕੁਮਾਰ, ਅੰਗਰੇਜ਼ ਸਿੰਘ ਅਤੇ ਹੋਰ ਮੰਡੀ ਗੁਰੂਹਰਸਹਾਏ ਦੇ ਕਈ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਤਹੱਈਆ ਕੀਤਾ | ਇਸ ਮੌਕੇ ਉਕਤ ਹਾਜ਼ਰ ਨੌਜਵਾਨਾਂ ਨੇ ਕਾਂਗਰਸ ਨਾਲ ਚੱਲਣ ਦਾ ਫ਼ੈਸਲਾ ਕੀਤਾ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੰਮ ਕਰਨ ਅਤੇ ਕੈਂਪ ਲਾਉਣ 'ਤੇ ਵਿਚਾਰ ਚਰਚਾ ਕੀਤੀ ਗਈ | ਕਾਂਗਰਸ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਕਾਂਗਰਸ ਪਾਰਟੀ ਹੀ ਬਣਾ ਸਕਦੀ ਹੈ, ਕਿਉਂਕਿ ਕਾਂਗਰਸ ਨੇ ਹਰ ਵਰਗ ਦੇ ਲੋਕਾਂ ਲਈ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਕਾਂਗਰਸ ਪਾਰਟੀ ਹਰ ਵਰਗ ਦੇ ਲੋਕਾਂ ਨੂੰ ਖ਼ੁਸ਼ਹਾਲ ਬਣਾਉਣ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਾਰਥਿਕ ਉਪਰਾਲੇ ਕਰਨ ਨੂੰ ਤਰਜੀਹ ਦੇਵੇਗੀ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਰ ਦੁਕਾਨਦਾਰ ਨਾਲ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ 'ਤੇ ਸੁਰਜੀਤ ਸਿੰਘ ਤਾਰੇਵਾਲਾ, ਗਗਨ ਜੰਗ, ਨੈਬ ਸਿੰਘ ਤਾਰੇਵਾਲਾ, ਪਿ੍ਤਪਾਲ ਸਿੰਘ, ਸੋਹਣ ਸਿੰਘ, ਜੋਗਿੰਦਰਪਾਲ ਭਾਟਾ, ਦਵਿੰਦਰ ਸ਼ਰਮਾ ਆਦਿ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ |