ਖਨੌਰੀ, 1 ਸਤੰਬਰ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਨਾਲ ਲੱਗਦਾ ਘੱਗਰ ਦਰਿਆ ਲਗਭਗ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ ਹੋਇਆ ਹੈ | ਜਿਸ ਕਾਰਨ ਖਨੌਰੀ ਤੋਂ ਮੂਨਕ ਤੱਕ ਦੇ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਹੜ੍ਹਾਂ ਦੇ ਦੌਰਾਨ ਘੱਗਰ ਦਰਿਆ ਇਸ ਇਲਾਕੇ ਵਿਚ ਵੱਡੀ ਪੱਧਰ 'ਤੇ ਤਬਾਹੀ ਕਰਦਾ ਹੈ | ਹੜ੍ਹਾਂ ਦੇ ਦੌਰਾਨ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਇਲਾਕੇ ਵਿਚ ਪਹੁੰਚ ਕੇ ਮਗਰਮੱਛ ਦੇ ਹੰਝੂ ਵਹਾਉਂਦੇ ਹਨ ਪਰ ਇਸ ਦੇ ਪੱਕੇ ਹੱਲ ਲਈ ਕੋਈ ਵੀ ਸਰਕਾਰ ਧਿਆਨ ਨਹੀਂ ਦਿੰਦੀ | ਇਹ ਵਿਚਾਰਾਂ ਦਾ ਪ੍ਰਗਟਾਵਾ ਬੀਕੇਯੂ ਏਕਤਾ ਆਜ਼ਾਦ ਦੇ ਆਗੂ ਰਾਜ ਸਿੰਘ ਥੇੜ੍ਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਦੂਜੇ ਪਾਸੇ ਸਰਕਾਰ ਨੇ ਘੱਗਰ ਦਰਿਆ ਦੇ ਅੰਦਰ ਰੁੱਖ ਲਗਾ ਕੇ ਜੰਗਲ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ | ਜਿਸ ਨਾਲ ਪਾਣੀ ਦੀ ਨਿਕਾਸੀ ਰੁਕ ਜਾਵੇਗੀ ਅਤੇ ਬੰਨ੍ਹ ਟੁੱਟਣ ਦਾ ਕਾਰਨ ਬਣ ਜਾਵੇਗਾ | ਉਨ੍ਹਾਂ ਸਰਕਾਰ ਨੂੰ ਪੁੱਛਣਾ ਚਾਹਿਆ ਕਿ ਸਰਕਾਰ ਵਲੋਂ ਜੋ ਜ਼ਮੀਨ 2008 ਦੇ ਦੌਰਾਨ ਘੱਗਰ ਨੂੰ ਚੌੜਾ ਕਰਨ ਲਈ ਐਕੁਆਇਰ ਕੀਤੀ ਗਈ ਸੀ ਉਹ ਜ਼ਮੀਨ ਹੁਣ ਵਣ ਵਿਭਾਗ ਨੂੰ ਰੁੱਖ ਲਗਾਉਣ ਲਈ ਕਿਉਂ ਦਿੱਤੀ ਗਈ ਹੈ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਆਗੂ ਸੁਖਦੇਵ ਸ਼ਰਮਾ, ਅਮਨਦੀਪ ਸਿੰਘ ਮੰਡਵੀ, ਜਸਬੀਰ ਸਿੰਘ ਥੇੜ੍ਹੀ, ਗੁਰਬਾਜ਼ ਸਿੰਘ ਥੇੜ੍ਹੀ, ਪਲਵਿੰਦਰ ਸਿੰਘ, ਜੋਗਾ ਸਿੰਘ ਥੇੜ੍ਹੀ ਆਦਿ ਹਾਜ਼ਰ ਸਨ |